ਉੱਚ ਅਹੁਦਿਆਂ ਤੇ ਗੈਰ ਪੰਜਾਬੀ ਕੀਤੇ ਤਾਇਨਾਤ
ਸੁਨਾਮ : ਕਾਂਗਰਸ ਕਿਸਾਨ ਸੈੱਲ ਦੇ ਕੌਮੀ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੌਜੂਦਾ ਸਮੇਂ ਦਿੱਲੀ ਦੇ ਧਾੜਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਸਦੀ ਟੀਮ ਪੰਜਾਬ ਤੇ ਕਬਜ਼ਾ ਕਰਕੇ ਸਰਕਾਰ ਚਲਾ ਰਹੇ ਹਨ ਅਜਿਹੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੱਥ ਠੋਕਾ ਬਣਕੇ ਰਹਿ ਗਿਆ ਹੈ। ਗੈਰ ਪੰਜਾਬੀਆਂ ਨੂੰ ਉੱਚ ਅਹੁਦਿਆਂ ਤੇ ਬਿਠਾ ਦਿੱਤਾ ਹੈ। ਪੰਜਾਬ ਦੇ ਪੈਸੇ ਨੂੰ ਪਾਣੀ ਵਾਂਗ ਬਹਾਇਆ ਜਾ ਰਿਹਾ। ਪੰਜਾਬ ਨੂੰ ਆਰਥਿਕ ਤੌਰ ਤੇ ਕੰਗਾਲ ਕਰ ਦਿੱਤਾ ਹੈ। ਸਨਿੱਚਰਵਾਰ ਨੂੰ ਸੁਨਾਮ ਨੇੜਲੇ ਪਿੰਡ ਜਖੇਪਲ ਵਿਖੇ ਕਾਂਗਰਸ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਅਤੇ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਸਿੱਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪਿਛਲੇ ਸਮਿਆਂ ਦੌਰਾਨ ਵੀ ਮੁਗ਼ਲ ਅਤੇ ਸਾਮਰਾਜੀ ਪੰਜਾਬ ਤੇ ਕਬਜ਼ਾ ਕਰਦੇ ਰਹੇ ਹਨ ਲੇਕਿਨ ਅਜੋਕੇ ਸਮੇਂ ਅਰਵਿੰਦ ਕੇਜਰੀਵਾਲ ਅਤੇ ਉਸਦੀ ਟੀਮ ਵੱਲੋਂ ਪੰਜਾਬ ਅੰਦਰ ਗ਼ੈਰ ਪੰਜਾਬੀਆਂ ਨੂੰ ਉੱਚ ਅਹੁਦਿਆਂ ਤੇ ਤਾਇਨਾਤ ਕਰਕੇ ਪੰਜਾਬੀਆਂ ਦੀ ਤੌਹੀਨ ਕਰ ਰਹੇ ਹਨ। ਪੰਜਾਬ ਦੇ ਪੜ੍ਹੇ ਲਿਖੇ ਵਿਦਵਾਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਹੋਰ ਕਾਰਪੋਰੇਸ਼ਨਾਂ ਤੇ ਦਿੱਲੀ ਅਤੇ ਯੂਪੀ ਦੇ ਵਿਅਕਤੀ ਲਗਾ ਦਿੱਤੇ ਹਨ। ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਔਰਤਾਂ ਤੇ ਜ਼ੁਲਮ ਕਰਨ ਵਾਲਾ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਬੈਠਕੇ ਸਰਕਾਰ ਚਲਾ ਰਿਹਾ ਹੈ। ਦਿੱਲੀ ਵਾਲਿਆਂ ਦੀਆਂ ਨਿਯੁਕਤੀਆਂ ਕਾਰਨ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੋ ਰਿਹਾ। ਆਮ ਆਦਮੀ ਪਾਰਟੀ ਦੇ ਤਿੰਨ ਸਾਲ ਰਾਜ ਦੌਰਾਨ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਜਦਕਿ ਪਿਛਲੇ ਤੀਹ ਸਾਲਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੀਆਂ ਸਰਕਾਰਾਂ ਦੌਰਾਨ ਸੂਬੇ ਸਿਰ ਚੜ੍ਹਿਆ ਸੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਵਿਰੋਧੀ ਪਾਰਟੀਆਂ ਅਤੇ ਆਜ਼ਾਦ ਜਿੱਤੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਪਰਚਿਆਂ ਅਤੇ ਗਰਾਂਟਾਂ ਦੇ ਦਬਾਅ ਹੇਠ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਕਾਂਗਰਸ ਕਿਸਾਨ ਸੈੱਲ ਦੇ ਕੌਮੀ ਕਨਵੀਨਰ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਕਿਸਾਨਾਂ, ਮਜ਼ਦੂਰਾਂ ਸਮੇਤ ਹੋਰਨਾਂ ਮੁਲਾਜ਼ਮਾਂ ਨੂੰ ਹੱਕ ਮੰਗਣ ਤੋਂ ਰੋਕਣ ਲਈ ਧਰਨੇ ਮੁਜ਼ਾਹਰੇ ਨਹੀਂ ਕਰਨ ਦਿੱਤੇ ਜਾ ਰਹੇ। ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ੇ ਕੀਤੇ ਜਾ ਰਹੇ ਹਨ ਵਿਰੋਧ ਕਰਨ ਤੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਲੋਕਤੰਤਰੀ ਰਾਜ ਪ੍ਰਣਾਲੀ ਵਿੱਚ ਹੱਕ ਮੰਗਣ ਦਾ ਜਮਹੂਰੀ ਅਧਿਕਾਰ ਮਿਲਿਆ ਹੋਇਆ ਲੇਕਿਨ ਭਗਵੰਤ ਮਾਨ ਸਰਕਾਰ ਧਰਨਾ ਦੇਣ ਵਾਲਿਆਂ ਨੂੰ ਜ਼ਬਰੀ ਰੋਕਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਰਕਾਰੀ ਦਫ਼ਤਰਾਂ ਵਿੱਚ ਲਾਈਆਂ ਤਸਵੀਰਾਂ ਦੀ ਤੌਹੀਨ ਕਰ ਰਹੀ ਹੈ। ਸੂਬੇ ਦੀ ਜਨਤਾ ਡੇਢ਼ ਸਾਲ ਬਾਅਦ ਇਸ ਸਭ ਕਾਸੇ ਦਾ ਹਿਸਾਬ ਲਵੇਗੀ। ਇਸ ਮੌਕੇ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਸੰਧੂ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਰਾਹੁਲ ਇੰਦਰ ਸਿੰਘ ਸਿੱਧੂ, ਮਨਜੀਤ ਸਿੰਘ ਕੋਟ ਫੱਤਾ, ਹਰਦੀਪ ਸਿੰਘ ਦੌਲਤਪੁਰ, ਵਰਿੰਦਰ ਪੰਨਵਾਂ, ਹਰਭਜਨ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।