Tuesday, September 16, 2025

Doaba

ਸ਼ਹੀਦਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਪੰਜਾਬ ਦੀ ਮਾਨ ਸਰਕਾਰ : ਮੋਹਿੰਦਰ ਭਗਤ

May 30, 2025 02:59 PM
SehajTimes

ਕੈਬਨਿਟ ਮੰਤਰੀ ਨੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਨੂੰ ਬਣਦਾ ਸਨਮਾਨ ਅਤੇ ਸੁਵਿਧਾਵਾਂ ਦੇਣ ਦੀ ਵਚਨਬੱਧਤਾ ਦੁਹਰਾਈ

ਸਾਬਕਾ ਸੈਨਿਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਚ ਸਰਗਰਮ ਭਾਗੀਦਾਰੀ ਨਿਭਾਉਣ ਦਾ ਦਿੱਤਾ ਸੱਦਾ

ਜਲੰਧਰ : ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ, ਮਾਣ- ਸਨਮਾਨ ਅਤੇ ਖੁਸ਼ਹਾਲ ਜੀਵਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਉਹ ਅੱਜ ਜਲੰਧਰ ਵਿਖੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਨਮਾਨ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਸਮਾਗਮ ਵਿੱਚ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਣ ਅਤੇ ਸ਼ੁਕਰਾਨੇ ਸਕੀਮ ਅਧੀਨ ਪਿਛਲੇ ਦੋ ਸਾਲਾਂ ਵਿੱਚ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੇ ਲਾਭਪਾਤਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਬ੍ਰਿਗੇਡੀਅਰ ਭੁਪਿੰਦਰ ਸਿੰਘ ਢਿੱਲੋਂ (ਰਿਟਾ.) ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹੀਦ ਸੈਨਿਕਾਂ ਦੇ ਆਸ਼ਰਿਤਾਂ ਦੀ ਭਲਾਈ ਯਕੀਨੀ ਬਣਾਉਣ ਲਈ ਕਈ ਸੈਨਿਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜਿਥੇ ਸ਼ਹੀਦ ਦੇ ਵਾਰਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਉਥੇ ਪਿਛਲੇ ਦੋ ਸਾਲਾਂ ਵਿੱਚ 25 ਆਸ਼ਰਿਤਾਂ ਨੂੰ ਵੱਖ-ਵੱਖ ਅਦਾਰਿਆਂ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਦਦ ਨਾਲ ਪਰਿਵਾਰ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦਾ ਆਮਦਨ ਦਾ ਵਸੀਲਾ ਬਰਕਰਾਰ ਰਹੇ ਅਤੇ ਉਹ ਆਪਣੀ ਜ਼ਿੰਦਗੀ ਬਿਹਤਰ ਢੰਗ ਨਾਲ ਬਸਰ ਕਰ ਸਕਣ, ਇਸ ਮੰਤਵ ਨਾਲ ਸਰਕਾਰ ਵੱਲੋਂ ਆਪਣਾ ਫਰਜ਼ ਨਿਭਾਇਆ ਜਾ ਰਿਹਾ ਹੈ।

ਸ਼੍ਰੀ ਭਗਤ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਸਾਬਕਾ ਸੈਨਿਕਾਂ ਦਾ ਦੇਸ਼ ਹਮੇਸ਼ਾ ਕਰਜ਼ਦਾਰ ਰਹੇਗਾ। ਉਨ੍ਹਾਂ ਦੇਸ਼ ਦੀ ਰੱਖਿਆ ਕਰਨ ਵਾਲਿਆਂ ਨੂੰ ਬਣਦਾ ਸਨਮਾਨ ਅਤੇ ਸੁਵਿਧਾਵਾਂ ਦੇਣ ਦੀ ਵਚਨਬੱਧਤਾ ਦਹੁਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਆਸ਼ਰਿਤਾਂ, ਸਾਬਕਾ ਸੈਨਿਕਾਂ ਦੇ ਮੁੱਦੇ ਹੱਲ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸੇ ਵਚਨਬੱਧਤਾ ਤਹਿਤ ਸਥਾਨਕ ਸੈਨਿਕ ਭਲਾਈ ਦਫ਼ਤਰ ਵਿਖੇ ਫੀਲਡ ਦਫ਼ਤਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਾਬਕਾ ਸੈਨਿਕਾਂ ਨਾਲ ਮਿਲਣੀਆਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਕੇ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਢੁੱਕਵਾਂ ਹੱਲ ਕਰਨ ਦਾ ਭਰੋਸਾ ਦਿਵਾਇਆ।

ਕੈਬਨਿਟ ਮੰਤਰੀ ਨੇ ਇਸ ਮੌਕੇ ਸਾਬਕਾ ਸੈਨਿਕਾਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ, ਉਸੇ ਤਰ੍ਹਾਂ ਨਸ਼ਿਆਂ ਵਿਰੋਧੀ ਅੰਦੋਲਨ ਵਿੱਚ ਪੰਜਾਬ ਸਰਕਾਰ ਦਾ ਡੱਟ ਕੇ ਸਾਥ ਦੇਣ ਤਾਂ ਜੋ ਇਸ ਅਲਾਮਤ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼ਹੀਦਾਂ ਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦਾ ਸਰਕਾਰੀ ਦਫ਼ਤਰਾਂ ਵਿੱਚ ਮਾਣ-ਸਨਮਾਨ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਸਿੰਘ ਵਿਰਕ (ਰਿਟਾ.) ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਸੈਨਿਕਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਵਿੱਚ ਕੀਤੇ ਗਏ ਵਾਧੇ ਅਤੇ ਨਵੀਆਂ ਲਾਗੂ ਕੀਤੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ। ਅੱਜ ਦੇ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦ ਨਾਇਕ ਗੁਰਜੰਟ ਸਿੰਘ ਪਿੰਡ ਕਾਏਪੁਰ ਅਰਾਈਆਂ ਅਮਲੋਹ, ਜ਼ਿਲ੍ਹਾ ਫਤਹਿਗੜ੍ਹ, ਸ਼ਹੀਦ ਸਿਪਾਹੀ ਗੁਰਪ੍ਰੀਤ ਸਿੰਘ ਪਿੰਡ ਬਦੇਸ਼ੇ ਮਾਲੇਰਕੋਟਲਾ, ਸ਼ਹੀਦ ਐਚ.ਸੀ./ਜੀ.ਡੀ. ਮਿੱਠਾ ਸਿੰਘ, 36 ਬਟਾਲੀਅਨ ਸੀ.ਆਰ.ਪੀ.ਐਫ., ਜ਼ਿਲ੍ਹਾ ਮਾਨਸਾ, ਸ਼ਹੀਦ ਸਿਪਾਹੀ ਪ੍ਰਭਜੋਤ ਸਿੰਘ ਪਿੰਡ ਬੂੜਾ ਗੁੱਜਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਨਾਇਕ ਮਨਦੀਪ ਸਿੰਘ ਪਿੰਡ ਚੱਠਾ ਜ਼ਿਲ੍ਹਾ ਗੁਰਦਾਸਪੁਰ, ਸ਼ਹੀਦ ਨਾਇਕ ਗੱਜਣ ਸਿੰਘ ਪਚਰੰਡਾ ਜ਼ਿਲ੍ਹਾ ਰੂਪਨਗਰ, ਸ਼ਹੀਦ ਹਵਲਦਾਰ ਗੁਰਨਿੰਦਰ ਸਿੰਘ ਪਿੰਡ ਗਨੂਰਾ ਜ਼ਿਲ੍ਹਾ ਰੂਪਨਗਰ, ਸ਼ਹੀਦ ਸਿਪਾਹੀ ਅਮਰਦੀਪ ਸਿੰਘ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ, ਸ਼ਹੀਦ ਸਿਪਾਹੀ ਵਰਿੰਦਰ ਸਿੰਘ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ, ਸ਼ਹੀਦ ਗਨਰ ਜਸਬੀਰ ਸਿੰਘ ਪਿੰਡ ਵਈਂਪੂਈਂ ਜ਼ਿਲ੍ਹਾ ਤਰਨਤਾਰਨ, ਨਾਇਕ ਗੁਰਜੰਟ ਸਿੰਘ ਸ਼ੋਰਿਆ ਚੱਕਰ, (ਮਰਨ ਉਪਰੰਤ) ਪਿੰਡ ਰੱਲਾ ਜ਼ਿਲ੍ਹਾ ਮਾਨਸਾ, ਸ਼ਹੀਦ ਸਿਪਾਹੀ ਜਸਮਨ ਸਿੰਘ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ, ਸ਼ਹੀਦ ਇੰਸਪੈਕਟਰ ਮੋਹਿੰਦਰ ਸਿੰਘ ਨਰੈਣਗੜ੍ਹ ਜ਼ਿਲ੍ਹਾ ਅੰਮ੍ਰਿਤਸਰ, ਸ਼ਹੀਦ ਕਾਂਸਟੇਬਲ ਰਾਜੇਸ਼ ਕੁਮਾਰ ਪਿੰਡ ਜੰਡਿਆਲੀ ਜ਼ਿਲ੍ਹਾ ਲੁਧਿਆਣਾ, ਸ਼ਹੀਦ ਸਿਪਾਹੀ ਜਗਸੀਰ ਸਿੰਘ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ, ਸ਼ਹੀਦ ਲਾਂਸ ਦਫੈਦਾਰ ਕੁਲਦੀਪ ਸਿੰਘ ਬਠਿੰਡਾ, ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਪਿੰਡ ਲਹੋਕੇ ਕਲਾਂ ਜ਼ਿਲ੍ਹਾ ਫਿਰੋਜ਼ਪੁਰ, ਸ਼ਹੀਦ ਸੇਪਰ ਪਲਵਿੰਦਰ ਸਿੰਘ ਪਿੰਡ ਢੀਂਡਸਾ ਜ਼ਿਲ੍ਹਾ ਲੁਧਿਆਣਾ, ਸ਼ਹੀਦ ਨਾਇਬ ਸੂਬੇਦਾਰ ਓਂਕਾਰ ਸਿੰਘ ਪਿੰਡ ਨਾਜੋਵਾਲ ਜ਼ਿਲ੍ਹਾ ਪਠਾਨਕੋਟ, ਸ਼ਹੀਦ ਹਵਲਦਾਰ ਅੰਮ੍ਰਿਤਪਾਲ ਸਿੰਘ ਪਿੰਡ ਢੈਪਈ ਜ਼ਿਲ੍ਹਾ ਫਰੀਦਕੋਟ, ਸ਼ਹੀਦ ਹੈੱਡ ਕਾਂਸਟੇਬਲ ਦੁੱਲਾ ਸਿੰਘ ਪਿੰਡ ਮਨਿਹਾਲਾ ਜੈ ਸਿੰਘ ਜ਼ਿਲ੍ਹਾ ਤਰਨਤਾਰਨ, ਸ਼ਹੀਦ ਹੈੱਡ ਕਾਂਸਟੇਬਲ ਸਤਬੀਰ ਸਿੰਘ ਪਿੰਡ ਫਤਿਹਪੁਰ ਸਿਆਲਬਾ ਜ਼ਿਲ੍ਹਾ ਐਸ.ਏ.ਐਸ. ਨਗਰ, ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ, ਸ਼ਹੀਦ ਸਿਪਾਹੀ ਪਰਦੀਪ ਸਿੰਘ ਪਿੰਡ ਬੱਲਮਗੜ੍ਹ ਜ਼ਿਲ੍ਹਾ ਪਟਿਆਲਾ ਅਤੇ ਸ਼ਹੀਦ ਸੇਵਕ ਸਿੰਘ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ ਦੇ ਆਸ਼ਰਿਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਬ੍ਰਿਗੇਡੀਅਰ ਮਨਜੀਤ ਸਿੰਘ (ਰਿਟਾ.), ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ, ਸਾਬਕਾ ਸੈਨਿਕ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਟਾਫ਼ ਮੈਂਬਰ ਮੌਜੂਦ ਸਨ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ