ਸੁਨਾਮ : ਸਾਹਿਤ ਸਭਾ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਸਿੱਧ ਲੇਖਕ ਤੇ ਗੀਤਕਾਰ ਮਿਲਖਾ ਸਿੰਘ ਸਨੇਹੀ ਵੱਲੋਂ ਲਿਖੀ ਕਿਤਾਬ "ਗ਼ਦਰੀ ਬੀਬੀ ਗ਼ੁਲਾਬ ਕੌਰ ਬਖਸ਼ੀਵਾਲਾ" ਵੱਡੇ ਇਕੱਠ ਵਿੱਚ ਲੋਕ ਅਰਪਣ ਕੀਤੀ ਗਈ। ਕਿਤਾਬ ਬਾਰੇ ਵਿਚਾਰ ਸਾਂਝੇ ਕਰਦਿਆਂ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਅਤੇ ਭੋਲਾ ਸਿੰਘ ਸੰਗਰਾਮੀ ਨੇ ਦੱਸਿਆ ਕਿ ਸੰਨ 1915 ਦੇ ਗ਼ਦਰ ਸੰਗਰਾਮ ਵਿੱਚ ਦੇਸ਼ ਦੀ ਆਜ਼ਾਦੀ ਲਈ ਇਨਕਲਾਬੀ ਸੰਘਰਸ਼ ਕਰਨ ਵਾਲੀ ਪੰਜਾਬ ਦੀ ਇਕਲੌਤੀ ਧੀ ਬੀਬੀ ਗ਼ੁਲਾਬ ਕੌਰ ਦੀ ਇਨਕਲਾਬੀ ਜੀਵਨ ਗਾਥਾ ਅਤੇ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਸੰਗਰਾਮੀ ਕਲਾ ਕੇਂਦਰ ਸੁਨਾਮ ਵੱਲੋਂ ਲਖਬੀਰ ਸਿੰਘ ਰਤਨਪਾਲ ਕੈਨੇਡਾ ਦੇ ਸਹਿਯੋਗ ਨਾਲ ਬੀਬੀ ਗ਼ੁਲਾਬ ਕੌਰ ਦੀ ਸੌ ਸਾਲਾ ਬਰਸੀ ਮੌਕੇ ਲੇਖਕ ਮਿਲਖਾ ਸਿੰਘ ਸਨੇਹੀ ਵੱਲੋਂ ਲਿਖੀ ਇਹ ਕਿਤਾਬ ਛਪਵਾਈ ਗਈ ਹੈ। ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਦਲਬਾਰ ਸਿੰਘ ਚੱਠੇ ਸ਼ੇਖਵਾਂ, ਗੁਰਸੇਵਕ ਸਿੰਘ ਪ੍ਰੀਤ ਗੋਰਖਾ ਅਤੇ ਰਣਵੀਰ ਸਿੰਘ ਜਖੇਪਲ ਨੇ ਮਿਲਖਾ ਸਿੰਘ ਸਨੇਹੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਨੇਹੀ ਦਾ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਕਿ ਗੁੰਮਨਾਮ ਰਹੀ ਗ਼ਦਰੀ ਬੀਬੀ ਗ਼ੁਲਾਬ ਕੌਰ ਬਖਸ਼ੀ ਵਾਲਾ ਵੱਲੋਂ ਗ਼ਦਰ ਦੇ ਆਜ਼ਾਦੀ ਸੰਗਰਾਮ ਵਿੱਚ ਕੀਤੇ ਲਾ ਮਿਸਾਲ ਇਨਕਲਾਬੀ ਸੰਘਰਸ਼ ਨੂੰ ਅਜੋਕੀ ਪੀੜ੍ਹੀ ਦੇ ਰੂ-ਬ-ਰੂ ਕੀਤਾ ਹੈ। ਲੇਖਕ ਮਿਲਖਾ ਸਿੰਘ ਸਨੇਹੀ ਵੱਲੋਂ ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਗਿਆਨੀ ਜੰਗੀਰ ਸਿੰਘ ਰਤਨ ਅਤੇ ਭੋਲਾ ਸਿੰਘ ਸੰਗਰਾਮੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਛਪਵਾਉਣ ਲਈ ਪੂਰੀ ਜ਼ਿੰਮੇਵਾਰੀ ਨਿਭਾਈ। ਸਭਾ ਦੇ ਜਨਰਲ ਸਕੱਤਰ ਹਰਮੇਲ ਸਿੰਘ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੀ ਸਿੱਖਿਆ ਅਤੇ ਸ਼ਹਾਦਤ ਨਾਲ ਸਾਨੂੰ ਦੋ ਗੱਲਾਂ ਸਿਖਾਈਆਂ ਕਿ ਮਨੁੱਖ ਨੂੰ ਜਿਉਣਾ ਕਿਵੇਂ ਚਾਹੀਦਾ ਹੈ ਅਤੇ ਮਰਨਾ ਕਿਵੇਂ ਚਾਹੀਦਾ ਹੈ। ਸਾਹਿਤ ਸਭਾ ਸੁਨਾਮ ਵੱਲੋਂ ਲੇਖਕ ਮਿਲਖਾ ਸਿੰਘ ਸਨੇਹੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਾਹਿਤ ਸਭਾ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਸਮੇਂ ਵਿੱਚ ਚਾਰ ਦਿਨਾਂ ਤੱਕ ਚੱਲੀ ਜੰਗ ਤੋਂ ਬਾਅਦ ਹੋਈ ਗੋਲੀਬੰਦੀ ਦਾ ਸਵਾਗਤ ਕੀਤਾ ਅਤੇ ਦੋਵਾਂ ਦੇਸ਼ਾਂ ਨੂੰ ਅਮਨ ਅਤੇ ਦੋਸਤੀ ਸਥਾਪਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਥਿੰਦ, ਗੁਰਜੰਟ ਸਿੰਘ ਉਗਰਾਹਾਂ, ਕਾਮਰੇਡ ਅਵਤਾਰ ਸਿੰਘ, ਹਰਦੀਪ ਸਿੰਘ ਕੜੈਲ, ਸੁਖਪਾਲ ਸਿੰਘ ਕਾਲਾ ਜਖੇਪਲ, ਗੁਰਦਿਆਲ ਸਿੰਘ ਐਸ.ਓ., ਗੁਰਮੇਲ ਸਿੰਘ ਘਾਸੀਵਾਲਾ, ਸੁਲੱਖਣ ਸਿੰਘ ਨਿਰਾਲਾ, ਗੁਰ ਕਮਲਪ੍ਰੀਤ ਸਿੰਘ, ਸਤਿਗੁਰ ਸੁਨਾਮੀ, ਸੁਰੇਸ਼ ਚੌਹਾਨ, ਜਸਵੀਰ ਸਿੰਘ ਸਰਾਓ, ਹਰਮੇਲ ਸਿੰਘ, ਭੋਲਾ ਸਿੰਘ ਸੰਗਰਾਮੀ, ਪ੍ਰਧਾਨ ਦੇਵ ਸਿੰਘ ਨੇ ਆਪੋ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ। ਇਸ ਮੌਕੇ ਗੁਰਚਰਨ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਸਤਿਨਾਮ ਸਿੰਘ ਛਾਜਲੀ, ਰਾਮ ਸਰੂਪ ਢੈਪਈ, ਗੁਰ ਕਮਲਪ੍ਰੀਤ ਸਿੰਘ, ਹਣੀ ਸੰਗਰਾਮੀ, ਬਲਵੀਰ ਸਿੰਘ ਸੰਧੇ, ਦਰਸ਼ਨ ਸਿੰਘ ਸੁਨਾਮੀ, ਮਾਸਟਰ ਮੱਖਣ ਸ਼ਰਮਾ, ਜਗਤਾਰ ਸਿੰਘ, ਮੇਜਰ ਸਿੰਘ ਸੈਕਟਰੀ, ਤੇਜਾ ਸਿੰਘ ਬਖਸ਼ੀਵਾਲਾ, ਦਰਸ਼ਨ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਬਖਸ਼ੀਵਾਲਾ ਹਾਜ਼ਰ ਸਨ। ਅੱਜ ਦੇ ਸਮਾਗਮ ਵਿੱਚ ਪਹੁੰਚਣ ਵਾਲੇ ਸਾਰੇ ਮੈਂਬਰ ਅਤੇ ਮਹਿਮਾਨਾਂ ਨੂੰ ਕਿਤਾਬ ਵੰਡੀ ਗਈ।