ਭਾਜਪਾ ਨੇ ਸਿੱਖਿਆ ਕ੍ਰਾਂਤੀ ਤੇ ਸਰਕਾਰ ਨੂੰ ਘੇਰਿਆ
ਸੁਨਾਮ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 2024-25 ਸੈਸ਼ਨ ਲਈ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਐਲਾਨੇ ਨਤੀਜਿਆਂ ਵਿੱਚ ਸੰਗਰੂਰ ਜ਼ਿਲ੍ਹੇ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾਂ ਅਤੇ 'ਆਪ' ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਜੱਦੀ ਜ਼ਿਲ੍ਹਾ ਹੋਣ ਕਰਕੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਸਵਾਲ ਉੱਠਣੇ ਤੈਅ ਹਨ। ਵਿਰੋਧੀ ਪਾਰਟੀਆਂ ਸਿੱਖਿਆ ਸ਼ਾਸਤਰੀ ਅਤੇ ਹੋਰ ਸੰਗਠਨ ਇਸ ਮਾੜੀ ਕਾਰਗੁਜ਼ਾਰੀ ਨੂੰ 'ਆਪ' ਸਰਕਾਰ ਦੀ ਸਿੱਖਿਆ ਕ੍ਰਾਂਤੀ 'ਤੇ ਸਵਾਲ ਉਠਾਉਣ ਦੇ ਆਧਾਰ ਵਜੋਂ ਵਰਤ ਰਹੇ ਹਨ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਗਰੂਰ ਨੂੰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਕ੍ਰਮਵਾਰ 21ਵਾਂ ਅਤੇ 22ਵਾਂ ਸਥਾਨ ਮਿਲਿਆ ਹੈ। ਮੈਰਿਟ ਸੂਚੀ ਵਿੱਚ ਜ਼ਿਲ੍ਹੇ ਦਾ ਪ੍ਰਦਰਸ਼ਨ ਵੀ ਪਿਛਲੇ ਸਾਲ ਤੋਂ ਪਿੱਛੇ ਰਹਿ ਗਿਆ ਹੈ। ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਅਤੇ 'ਆਪ' ਸਰਕਾਰ ਦੀ ਅਖੌਤੀ ਸਿੱਖਿਆ ਕ੍ਰਾਂਤੀ ਦੀ ਹਵਾ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਵਿੱਚ ਨਿੱਕਲ ਗਈ ਹੈ। ਇਨ੍ਹਾਂ ਨਤੀਜਿਆਂ ਵਿੱਚ ਦਿੱਲੀ ਮਾਡਲ ਸਕੂਲ ਆਫ਼ ਐਮੀਨੈਂਸ ਦਾ ਪ੍ਰਦਰਸ਼ਨ ਵੀ ਬਹੁਤ ਵਧੀਆ ਨਹੀਂ ਰਿਹਾ। ਸਕੂਲ ਆਫ਼ ਐਮੀਨੈਂਸ ਦੇ ਸਿਰਫ਼ ਦੋ ਵਿਦਿਆਰਥੀ ਹੀ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾ ਸਕੇ ਹਨ। ਇਸ ਮਾੜੀ ਕਾਰਗੁਜ਼ਾਰੀ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਸਿੱਖਿਆ ਸ਼ਾਸਤਰੀ ਸੁਰਿੰਦਰ ਸਿੰਘ ਭਰੂਰ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਜੰਗੀ ਪੱਧਰ 'ਤੇ ਸਕੂਲਾਂ ਨੂੰ ਰੰਗ ਕਰਨ ਅਤੇ ਨੀਂਹ ਪੱਥਰ ਰੱਖਣ ਨਾਲ ਨਹੀਂ ਆ ਸਕਦੀ। ਸਿੱਖਿਆ ਕ੍ਰਾਂਤੀ ਵਿੱਚ ਮਾੜੇ ਨਤੀਜੇ ਲਿਆਉਣ ਵਾਲੇ ਸਿੱਖਿਆ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਮੋਹਰੀ ਜ਼ਿਲਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਵਧਾਈ ਦੇਣ ਦੇ ਨਾਲ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਸਿੱਖਿਆ ਅਧਿਕਾਰੀਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਯੋਗ ਸਿੱਖਿਆ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜ਼ਿਲ੍ਹੇ ਦੀ ਵਾਗਡੋਰ ਸੰਭਾਲਣੀ ਚਾਹੀਦੀ ਹੈ। ਤਦ ਹੀ ਸਿੱਖਿਆ ਕ੍ਰਾਂਤੀ ਦੇ ਲਾਭ ਵਿਦਿਆਰਥੀਆਂ ਤੱਕ ਪਹੁੰਚ ਸਕਣਗੇ।