ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਕਾਰਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਸ਼ੁੱਕਰਵਾਰ ਨੂੰ ਮਹਿਲਾਂ ਚੌਕ ਵਿਖੇ ਰੱਖਿਆ ਨਸ਼ਿਆਂ ਵਿਰੁੱਧ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਸਮਾਗਮ ਦੀ ਭਿਣਕ ਪੈਂਦਿਆਂ ਵੱਡੀ ਗਿਣਤੀ ਵਿੱਚ ਕਿਸਾਨ ਮਹਿਲਾ ਚੌਂਕ ਵਿਖੇ ਇਕੱਤਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਹਰਜੀਤ ਸਿੰਘ ਮਹਿਲਾਂ, ਜਸਵੰਤ ਸਿੰਘ ਤੋਲਾਵਾਲ ਅਤੇ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਮਹਿਲਾਂ ਚੌਂਕ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪ੍ਰਚਾਰ ਕਰਨ ਲਈ ਆਉਣਾ ਸੀ ਇਸੇ ਦੌਰਾਨ ਕਿਸਾਨਾਂ ਨੇ ਖਜ਼ਾਨਾ ਮੰਤਰੀ ਨੂੰ ਸਵਾਲ ਜਵਾਬ ਪੁੱਛਣ ਲਈ ਪ੍ਰੋਗਰਾਮ ਉਲੀਕਿਆ ਗਿਆ ਸੀ ਲੇਕਿਨ ਕਿਸਾਨਾਂ ਦੇ ਵਿਰੋਧ ਕਾਰਨ ਵਿੱਤ ਮੰਤਰੀ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਸਵਾਲ ਪੁੱਛਣੇ ਸੀ ਕਿ ਚਾਉਕੇ ਸਕੂਲ ਦੀ ਭਰਿਸ਼ਟ ਮੈਨੇਜਮੈਂਟ ਤੇ ਕਾਰਵਾਈ ਕਿਉਂ ਨਹੀਂ ਕੀਤੀ? ਸਕੂਲ ਦੇ ਟੀਚਰਾਂ ਅਤੇ ਕਿਸਾਨਾਂ ਨੂੰ ਬਿਨਾਂ ਵਜ੍ਹਾ ਜੇਲਾਂ ਵਿੱਚ ਕਿਉਂ ਬੰਦ ਕੀਤਾ ਗਿਆ? ਸਕੂਲ ਦੇ ਟੀਚਰਾਂ ਨੂੰ ਅਜੇ ਤੱਕ ਬਹਾਲ ਕਿਉਂ ਨਹੀਂ ਕੀਤਾ ਗਿਆ? ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰਨ ਵਾਲਿਆਂ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ? ਕਿਸਾਨਾਂ ਦੀ ਕਣਕ ਅੱਗ ਨਾਲ ਸੜਨ ਤੇ ਅਜੇ ਤੱਕ ਕੋਈ ਮੁਆਵਜੇ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਕਣਕ ਦੀ ਅੱਗ ਬਝਾਉਂਦੇ ਸਮੇਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦੀ ਮੌਤ ਹੋ ਜਾਣ ਦੇ ਬਾਵਜੂਦ ਉਸ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ? ਕਿਸਾਨਾਂ ਨੂੰ ਚੰਡੀਗੜ੍ਹ ਜਾਂਦਿਆਂ ਨੂੰ ਰਸਤੇ ਵਿੱਚ ਕਿਉਂ ਰੋਕਿਆ ਗਿਆ? ਪਾਣੀ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਨੂੰ ਜੋ ਛੇ ਸਾਲ ਦੀ ਸਜ਼ਾ ਦਾ ਪ੍ਰਬੰਧ ਸੀ ਉਸ ਨੂੰ ਸੈਂਟਰ ਸਰਕਾਰ ਦੇ ਕਹਿਣ ਤੇ ਰੱਦ ਕੀਤਾ ਗਿਆ? ਜੁਰਮਾਨੇ ਤੱਕ ਕਿਉਂ ਸੀਮਤ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਵਾਸਤੇ ਭਾਰਤੀ ਕਿਸਾਨ ਨੇ ਏਕਤਾ ਉਗਰਾਹਾਂ ਬਲਾਕ ਦਿੜਬਾ, ਭਵਾਨੀਗੜ੍ਹ, ਸੁਨਾਮ, ਸੰਗਰੂਰ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਪਰ ਵਿਰੋਧ ਨੂੰ ਦੇਖਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਗਤਾਰ ਸਿੰਘ ਲੱਡੀ, ਭਰਪੂਰ ਸਿੰਘ ਮੌੜਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਸੁਖਪਾਲ ਸਿੰਘ ਮਾਣਕ, ਚਰਨਜੀਤ ਸਿੰਘ ਘਨੌੜ ਸੰਤਪੁਰਾ ਅਤੇ ਔਰਤ ਆਗੂ ਜਸਵਿੰਦਰ ਕੌਰ ਮਹਿਲਾ, ਭਰਪੂਰ ਕੌਰ ਮਹਿਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਹਾਜ਼ਰ ਸਨ।