ਪਟਿਆਲਾ : ਗੁਰੂ ਗੋਬਿੰਦ ਸਿੰਘ ਜੀ ਪਾਸੋਂ ਥਾਪੜਾ ਲੈ ਕੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਇੱਕ ਹਜ਼ਾਰ ਸਾਲ ਪੁਰਾਣੇ ਜਾਬਰ ਮੁਗਲੀਆ ਫੌਜਾਂ ਨੂੰ ਬੁਰੀ ਤਰਾਂ ਹਰਾ ਕੇ ਫੈਸਲਾਕੁੰਨ ਜਿਤ ਪ੍ਰਾਪਤ ਕੀਤੀ, ਜੋ ਮੁਗਲੀਆ ਸਲਤਨਤ ਦੀ ਸਭ ਤੋਂ ਪਹਿਲੀ ਵੱਡੀ ਹਾਰ ਸੀ।
ਇਨਾ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਕੌਮ ਨੂੰ ਸਰਹੰਦ ਫਤਿਹ ਦਿਵਸ ਦੀ ਵਧਾਈ ਦਿੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਸਰਹੰਦ ਦੇ ਨਵਾਬ ਵਜੀਦ ਖਾਨ ਨੂੰ ਸੋਧ ਕੇ ਜਿੱਥੇ ਮੁਗਲ ਸਲਤਨਤ ਦਾ ਖਾਤਮਾ ਕੀਤਾ ਉੱਥੇ ਹੀ 13 ਮਈ 1710 ਨੂੰ ਸਰਹਿੰਦ ਅੰਦਰ ਦਾਖਲ ਹੋ ਕੇ 14 ਮਈ ਨੂੰ ਆਮ ਖਾਸ ਬਾਗ ਵਿੱਚ ਸਾਰੇ ਇਲਾਕੇ ਦਾ ਵੱਡਾ ਇਕੱਠ ਕਰਕੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਅਪਣਾ ਕੀਤੀ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਖਾਲਸਾ ਰਾਜ ਸਥਾਪਿਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦਾ ਗਵਰਨਰ ਬਾਬਾ ਬਾਜ ਸਿੰਘ ਅਤੇ ਸਮਾਣਾ ਦਾ ਗਵਰਨਰ ਬਾਬਾ ਫਤਿਹ ਸਿੰਘ ਜੀ ਨੂੰ ਥਾਪਿਆ ਤੇ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਮੋਹਰ ਤੇ ਸਿੱਕਾ ਵੀ ਜਾਰੀ ਕੀਤਾ ।
ਇਸ ਮੌਕੇ ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਬਤੌਰ ਪ੍ਰਧਾਨ ਹੁੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਵਸ, ਫਤਿਹ ਦਿਵਸ, ਸ਼ਹੀਦੀ ਦਿਵਸ ਵੱਡੇ ਪੱਧਰ ਤੇ ਮਨਾਉਣੇ ਆਰੰਭ ਕੀਤੇ ਗਏ ਸਨ ਅਤੇ ਉਨਾਂ ਵੱਲੋਂ ਜਾਰੀ ਨਿਰਦੇਸ਼ਾਂ ਤੇ ਹਰੇਕ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜੇ ਮਨਾਏ ਜਾ ਰਹੇ ਹਨ ਅਤੇ ਆਉਣ ਵਾਲੀ ਨੌਜਵਾਨ ਪੀੜੀ ਨੂੰ ਆਪਣੇ ਅਮੋਲਿਕ ਵਿਰਸੇ ਨਾਲ ਜੋੜਨ ਵਿੱਚ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਜਗਮੀਤ ਸਿੰਘ ਜੱਗਾ ਮੀਤ ਮੈਨੇਜਰ , ਪਲਵਿੰਦਰ ਸਿੰਘ ਤਲਵਾੜਾ, ਕਰਨੈਲ ਸਿੰਘ ਸੁਪਰਵਾਈਜ਼ਰ, ਗੁਰਦੀਪ ਸਿੰਘ ਨੌਲੱਖਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।