ਸੁਨਾਮ : ਜਿਣਸਾਂ ਦੀ ਨਕਦ ਅਦਾਇਗੀ ਕਰਨ ਦੀ ਮੰਗ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਮੰਗਲਵਾਰ ਨੂੰ ਚੀਮਾਂ ਮੰਡੀ ਵਿਖੇ ਬੈਂਕ ਮੂਹਰੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਛਿਮਾਹੀ ਦੇ ਪੈਸੇ ਪ੍ਰਚੂਨ ਦੁਕਾਨਦਾਰਾਂ ਨੂੰ ਨਕਦ ਅਦਾਇਗੀ ਕਰਨੀ ਪੈਂਦੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਮਨੀ ਸਿੰਘ ਭੈਣੀ, ਜਿੰਦਰ ਚੀਮਾਂ, ਸ਼ੇਰ ਸਿੰਘ ਤੋਲਾਵਾਲ, ਰਾਜਬੀਰ ਬੀਰਕਲਾਂ ਅਤੇ ਮਨਜੀਤ ਕੌਰ ਤੋਲਾਵਾਲ ਨੇ ਆਖਿਆ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਜਿਣਸਾਂ ਦੀ ਅਦਾਇਗੀ ਬੈਂਕਾਂ ਰਾਹੀਂ ਆਨਲਾਈਨ ਕੀਤੀ ਜਾਂਦੀ ਹੈ ਜਿਸ ਕਾਰਨ ਛੋਟੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਫਸਲ ਦੇ ਪੈਸੇ ਆਉਣ ਦੇ ਬਾਵਜੂਦ ਵੀ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਕਿਉਂਕਿ ਕਿਸਾਨਾਂ ਨੇ ਬੈਂਕਾਂ ਦੇ ਵਿਆਜ਼ ਭਰਕੇ ਆਪਣੀਆਂ ਲਿਮਟਾਂ ਘੁਮਾਉਣੀਆਂ ਹੁੰਦੀਆਂ ਹਨ ਉਸ ਤੋਂ ਬਾਅਦ ਹਰ ਇੱਕ ਕਿਸਾਨ ਨੇ ਪ੍ਰਚੂਨ ਦੁਕਾਨਦਾਰਾਂ ਦਾ ਹਿਸਾਬ ਕਿਤਾਬ ਕਰਨਾ ਹੁੰਦਾ ਹੈ ਉਸ ਹਿਸਾਬ ਕਿਤਾਬ ਲਈ ਕਿਸਾਨਾਂ ਨੂੰ ਨਕਦ ਰੁਪਏ ਦੀ ਲੋੜ ਹੁੰਦੀ ਹੈ ਪਰੰਤੂ ਬੈਂਕਾਂ ਵੱਲੋਂ ਕਿਸਾਨਾਂ ਨੂੰ ਕਈ ਕਈ ਦਿਨਾਂ ਤੋਂ ਕਥਿਤ ਤੌਰ ਤੇ ਖੱਜਲ ਖੁਆਰ ਕਰ ਰਹੀਆਂ ਹਨ ਕਿਸਾਨਾਂ ਨੂੰ ਨਕਦ ਰੁਪਏ ਬੈਂਕ ਵਿੱਚੋਂ ਨਹੀਂ ਦਿੱਤੇ ਜਾ ਰਹੇ ਜਦਕਿ ਬੈਂਕ ਅਧਿਕਾਰੀ ਕਿਸਾਨਾਂ ਨੂੰ ਨਿਯਮਾਂ ਮੁਤਾਬਿਕ ਜਿਣਸਾਂ ਦੀ ਅਦਾਇਗੀ ਕਰਨ ਦੀ ਗੱਲ ਆਖ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਆਨਲਾਈਨ ਪੇਮੈਂਟ ਕਰਨ ਲਈ ਕਹਿ ਰਹੀਆਂ ਹਨ ਪਰੰਤੂ ਬਹੁਤੇ ਕਿਸਾਨ ਅਨਪੜ ਹੋਣ ਕਾਰਨ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਮੌਜੂਦਾ ਸਮੇਂ ਪੜ੍ਹੇ ਲਿਖੇ ਲੋਕ ਆਨਲਾਈਨ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਅਨਪੜ੍ਹ ਵਿਅਕਤੀ ਅਜਿਹੀਆਂ ਠੱਗੀਆਂ ਦੇ ਸ਼ਿਕਾਰ ਹੋਣਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵੱਲੋਂ ਬੈਂਕਾਂ ਅਤੇ ਸਰਕਾਰ ਦੇ ਧਿਆਨ ਵਿੱਚ ਉਕਤ ਮਾਮਲੇ ਨੂੰ ਲਿਆਂਦਾ ਗਿਆ ਹੈ ਜੇਕਰ ਜਲਦੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।