ਸੁਨਾਮ : ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਦੇ ਵਕੀਲ ਭਾਈਚਾਰੇ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਸੰਬੰਧਿਤ ਮਸਲਿਆਂ ਦੀ ਹਰੇਕ ਪੱਧਰ ਉੱਤੇ ਵਕਾਲਤ ਕਰਨ। ਇਸ ਤਰ੍ਹਾਂ ਕਰਕੇ ਉਹ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਹਿੱਤਾਂ ਦੀ ਰਾਖੀ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਬਾਰ ਐਸੋਸੀਏਸ਼ਨ ਸੁਨਾਮ ਨੂੰ 5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ ਜਿਸ ਦੇ ਸ਼ੁਕਰਾਨੇ ਵਜੋਂ ਬਾਰ ਐਸੋਸੀਏਸ਼ਨ ਸੁਨਾਮ ਵੱਲੋਂ ਇਹ ਸਮਾਗਮ ਰੱਖਿਆ ਗਿਆ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਦੇ ਦਰਪੇਸ਼ ਅੱਜ ਕਈ ਮਸਲੇ ਹਨ ਜਿੰਨਾ ਨੂੰ ਹੱਲ ਕਰਵਾਉਣ ਲਈ ਪੰਜਾਬ ਸਰਕਾਰ ਕਈ ਫਰੰਟਾਂ ਉੱਤੇ ਲੜ੍ਹਾਈ ਲੜ੍ਹ ਰਹੀ ਹੈ। ਉਹਨਾਂ ਕਿਹਾ ਕਿ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਲੜ੍ਹਾਈ ਹੋਵੇ ਚਾਹੇ ਉਹ ਨਸ਼ਿਆਂ ਦੇ ਖਾਤਮੇ ਦੀ ਲੜ੍ਹਾਈ ਹੋਵੇ ਜਾਂ ਫਿਰ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਲੜ੍ਹਾਈ ਹੋਵੇ। ਇਹਨਾਂ ਸਾਰੇ ਮਸਲਿਆਂ ਦੇ ਹੱਲ ਲਈ ਵਕੀਲ ਭਾਈਚਾਰਾ ਵੱਡਾ ਯੋਗਦਾਨ ਪਾ ਸਕਦਾ ਹੈ। ਉਹਨਾਂ ਵਕੀਲਾਂ ਨੂੰ ਸੱਦਾ ਦਿੱਤਾ ਕਿ ਉਹ ਹਰੇਕ ਉਚਿਤ ਪਲੇਟਫਾਰਮ ਉੱਤੇ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਜੁੜੇ ਮਸਲਿਆਂ ਦੀ ਤਰਜ਼ਮਾਨੀ ਕਰਨ। ਉਹਨਾਂ ਕਿਹਾ ਕਿ ਅੱਜ ਪੰਜਾਬ ਜਿੱਥੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਬਚਾਉਣ ਲਈ ਕੇਂਦਰ ਅਤੇ ਹੋਰ ਸੂਬਿਆਂ ਨਾਲ ਲੜ੍ਹਾਈ ਲੜ੍ਹ ਰਿਹਾ ਹੈ ਉਥੇ ਹੀ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਦਿਨੋਂ ਦਿਨ ਘੱਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾਵੇ। ਇਸੇ ਲਈ ਹੀ ਵੱਧ ਤੋਂ ਵੱਧ ਖੇਤੀਬਾੜੀ ਵਾਲੇ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਿਆ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ 4557 ਕਰੋੜ ਰੁਪਏ ਖਰਚੇ ਜਾ ਰਹੇ ਹਨ। ਮੀਂਹ ਦੇ ਪਾਣੀ ਅਤੇ ਨਹਿਰਾਂ ਦੇ ਫਜ਼ੂਲ ਹੁੰਦੇ ਪਾਣੀ ਨੂੰ ਬਚਾਉਣ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਵਾਟਰ ਰੀਚਾਰਜ਼ ਤਕਨੀਕਾਂ ਨੂੰ ਅਪਣਾਇਆ ਜਾ ਰਿਹਾ ਹੈ। ਪਹਿਲਾਂ ਜਿਹੜਾ ਪਾਣੀ ਵਿਅਰਥ ਚਲਾ ਜਾਂਦਾ ਸੀ ਉਹ ਹੁਣ ਖੇਤਾਂ ਨੂੰ ਮਿਲਣ ਲੱਗਾ ਹੈ। ਉਹਨਾਂ ਫਿਰ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਦੱਸ ਦੇਈਏ ਬਰਿੰਦਰ ਕੁਮਾਰ ਗੋਇਲ ਸਾਲ 1983 ਤੋਂ ਲਗਾਤਾਰ ਕਈ ਸਾਲ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਵੀ ਰਹੇ। ਉਹਨਾਂ ਬਾਰ ਐਸੋਸੀਏਸ਼ਨ ਸੁਨਾਮ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜਲਦ ਹੀ ਬਾਰ ਰੂਮ ਅਤੇ ਨਵੇਂ ਚੈਂਬਰਾਂ ਲਈ ਢੁੱਕਵੀਂ ਜਗ੍ਹਾ ਮੁੱਹਈਆ ਕਰਵਾ ਦਿੱਤੀ ਜਾਵੇਗੀ। ਵਕੀਲ ਭਾਈਚਾਰੇ ਵੱਲੋਂ ਬਰਿੰਦਰ ਗੋਇਲ ਦਾ ਸਨਮਾਨ ਵੀ ਕੀਤਾ ਗਿਆ। ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਐਡਵੋਕੇਟ ਗੌਰਵ ਗੋਇਲ, ਪ੍ਰਧਾਨ ਕਰਨਬੀਰ ਵਸ਼ਿਸ਼ਟ, ਐਡਵੋਕੇਟ ਰਵਿੰਦਰ ਭਾਰਦਵਾਜ, ਅਨਿਲ ਸਿੰਗਲਾ, ਤੇਜਪਾਲ ਭਾਰਦਵਾਜ, ਕ੍ਰਿਸ਼ਨ ਸਿੰਘ ਭੁਟਾਲ, ਸੰਪੂਰਨ ਸਿੰਘ ਲਖਮੀਰਵਾਲਾ, ਹਰਦੀਪ ਸਿੰਘ ਭਰੂਰ, ਐਡਵੋਕੇਟ ਹਰਿੰਦਰ ਸਿੰਘ ਲਾਲੀ ਅਤੇ ਹੋਰ ਵਕੀਲ ਹਾਜ਼ਰ ਸਨ।