ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਕਿਸਾਨਾਂ ਦੇ ਜ਼ਬਰੀ ਚੁਕਵਾਏ ਧਰਨਿਆਂ, ਟਰਾਲੀਆਂ ਸਮੇਤ ਚੋਰੀ ਕੀਤੇ ਸਾਮਾਨ ਦੀ ਪੂਰਤੀ ਅਤੇ ਕਿਸਾਨ ਆਗੂ ਬਹਿਰਾਮਕੇ ਦੀ ਕੁੱਟਮਾਰ ਕਰਨ ਵਾਲੇ ਉਸ ਸਮੇਂ ਸ਼ੰਭੂ ਥਾਣੇ ਵਿੱਚ ਤਾਇਨਾਤ ਐਸ ਐਚ ਓ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈਕੇ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 6 ਮਈ ਨੂੰ ਸ਼ੰਭੂ ਥਾਣੇ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਾਮਲ ਹੋਣ ਜਾਂਦੇ ਦਰਜਨਾਂ ਕਿਸਾਨਾਂ ਨੂੰ ਛਾਜਲੀ ਥਾਣੇ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲੈਣ ਮੌਕੇ ਕਿਸਾਨਾਂ ਨੇ ਥਾਣੇ ਅੱਗੇ ਖੜਕੇ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਦਰਸ਼ਨ ਸਿੰਘ ਪੂਨੀਆਂ, ਗੋਬਿੰਦ ਰਾਮ, ਗੁਰਜੀਤ ਸਿੰਘ, ਦਰਸ਼ਨ ਸਿੰਘ ਪੁੱਤਰ ਅਰਜਨ ਸਿੰਘ, ਗੁਰਮੇਲ ਸਿੰਘ, ਸ਼ਿੰਦਰ ਸਿੰਘ ਅਤੇ ਪ੍ਰਿਤਪਾਲ ਸਿੰਘ ਛਾਜਲੀ ਨੇ ਕਿਹਾ ਕਿ ਧਰਨਿਆਂ ਵਿੱਚੋਂ ਜਨਮੀ ਆਮ ਆਦਮੀ ਪਾਰਟੀ ਦੀ ਸਰਕਾਰ ਹੱਕ ਮੰਗਦੇ ਕਿਸਾਨਾਂ ਨੂੰ ਪੁਲਿਸ ਜ਼ਬਰ ਨਾਲ ਰੋਕਣ ਤੇ ਉਤਾਰੂ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦੇ ਧਰਨਿਆਂ ਨੂੰ ਜ਼ਬਰੀ ਚੁੱਕਵਾਇਆ ਗਿਆ ਅਤੇ ਰਾਤੋਂ ਰਾਤ ਉੱਥੋਂ ਹਾਕਮ ਧਿਰ ਦੇ ਆਗੂ ਅਤੇ ਪੁਲਿਸ ਮੁਲਾਜ਼ਮ ਟਰਾਲੀਆਂ ਸਮੇਤ ਹੋਰ ਸਮਾਨ ਚੋਰੀ ਕਰਕੇ ਲੈ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ ਅਜਿਹੇ ਵਰਤਾਰੇ ਨਾਲ ਸਰਕਾਰ ਦੇ ਖਿਲਾਫ ਰੋਹ ਵਧੇਰੇ ਪੈਦਾ ਹੋ ਰਿਹਾ ਹੈ, ਆਮ ਆਦਮੀ ਪਾਰਟੀ ਤੋਂ ਸੂਬੇ ਦੀ ਜਨਤਾ ਹਿਸਾਬ ਲਵੇਗੀ। ਉਨ੍ਹਾਂ ਆਖਿਆ ਕਿ ਜਥੇਬੰਦੀਆਂ ਵੱਲੋਂ ਦਿੱਤੇ ਸੰਘਰਸ਼ ਦੇ ਅਗਲੇ ਸੱਦੇ ਤੇ ਹਿੱਕ ਢਾਹਕੇ ਪਹਿਰਾ ਦਿੱਤਾ ਜਾਵੇਗਾ।