ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰੱਖਿਆ ਨੀਂਹ ਪੱਥਰ
ਕਿਹਾ ਪੰਜਾਬ ਆਪਣੇ ਹੱਕ ਅਤੇ ਪਾਣੀ ਕਿਸੇ ਨੂੰ ਵੀ ਲੁਟਾਉਣ ਲਈ ਤਿਆਰ ਨਹੀਂ
ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਐਤਵਾਰ ਨੂੰ ਲੌਂਗੋਵਾਲ ਵਿਖੇ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਅਰੋੜਾ ਵੱਲੋਂ 38.23 ਲੱਖ ਰੁਪਏ ਦੀ ਲਾਗਤ ਨਾਲ ਲੌਂਗੋਵਾਲ ਸ਼ਹਿਰ ਵਿੱਚ ਪਾਰਕ ਅਤੇ 79.86 ਲੱਖ ਰੁਪਏ ਦੀ ਲਾਗਤ ਨਾਲ ਲੋਂਗੋਵਾਲ ਸ਼ਹਿਰ ਵਿੱਚ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਪੂਰੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ ਉਥੇ ਹਲਕਾ ਸੁਨਾਮ ਵੀ ਪਿੱਛੇ ਨਹੀਂ ਰਹੇਗਾ। ਹਸਪਤਾਲ ਦੀ ਨਵੀਂ ਇਮਾਰਤ ਦਾ ਕੰਮ ਸ਼ੁਰੂ ਹੋਣ ਨਾਲ ਇਲਾਕਾ ਲੋਂਗੋਵਾਲ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਪੂਰੀ ਹੋਣ ਜਾ ਰਹੀ ਹੈ। ਹਸਪਤਾਲ ਅਤੇ ਹੋਰ ਵਿਕਾਸ ਕਾਰਜ ਅਗਲੇ ਡੇਢ ਸਾਲ ਵਿੱਚ ਮੁਕੰਮਲ ਹੋ ਜਾਣਗੇ ਇੱਥੇ ਮੁਕੰਮਲ ਹਸਪਤਾਲ ਵਾਲੀਆਂ ਸਾਰੀਆਂ ਸਹੂਲਤਾਂ ਹੋਣਗੀਆਂ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਕਮੀ ਬਾਰੇ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਪੰਜਾਬ ਦੀ ਤ੍ਰਾਸਦੀ ਇਹ ਰਹੀ ਹੈ ਕਿ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਹਸਪਤਾਲਾਂ ਅਤੇ ਸਕੂਲਾਂ ਵਾਲੇ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ। ਪਿਛਲੇ ਲੰਮੇ ਸਮੇਂ ਤੋਂ ਭਰਤੀਆਂ ਨਹੀਂ ਕੀਤੀਆਂ ਗਈਆਂ ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਥੇ ਨਵੇਂ ਹਸਪਤਾਲ ਖੋਲ੍ਹੇ ਜਾ ਰਹੇ ਹਨ ਉਥੇ ਹੀ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਵੀ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਜਦੋਂ ਇਹ ਹਸਪਤਾਲ ਸ਼ੁਰੂ ਹੋਵੇਗਾ ਤਾਂ ਇੱਥੇ ਪੂਰਾ ਸਟਾਫ਼ ਅਤੇ ਹਰ ਸਹੂਲਤ ਵੀ ਉਪਲਬਧ ਹੋਵੇਗੀ। ਪਾਣੀਆਂ ਦੇ ਮੁੱਦੇ ਬਾਰੇ ਪੁੱਛੇ ਜਾਣ ਉੱਤੇ ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਵੀ ਬੁੰਦ ਵਾਧੂ ਨਹੀਂ ਹੈ। ਭਾਖੜਾ ਡੈਮ (ਬੀ ਬੀ ਐਮ ਬੀ) ਉੱਤੇ ਪੁਲਿਸ ਤਾਇਨਾਤ ਕਰਨ ਬਾਰੇ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਉਦੋਂ ਤੱਕ ਨਹੀਂ ਹਟਾਈ ਜਾਵੇਗੀ ਜਦੋਂ ਤੱਕ ਪਾਣੀਆਂ ਉੱਤੇ ਪੰਜਾਬ ਦੇ ਹੱਕ ਸੁਰੱਖਿਅਤ ਨਹੀਂ ਹੁੰਦੇ। ਉਹਨਾਂ ਕਿਹਾ ਕਿ ਅੱਜ ਤਾਂ ਪੰਜਾਬ ਪੁਲਿਸ ਲਗਾਈ ਗਈ ਹੈ। ਜੇਕਰ ਲੋੜ੍ਹ ਪਈ ਤਾਂ ਉਹ ਖੁਦ ਉਥੇ ਬੈਠਣ ਤੋਂ ਸੰਕੋਚ ਨਹੀਂ ਕਰਨਗੇ।
ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਸੁਪਰੀਮ ਕੋਰਟ ਜਾਂ ਕਿਸੇ ਵੀ ਪੱਧਰ ਉੱਤੇ ਜਾਣ ਦਾ ਸੰਵਿਧਾਨਕ ਹੱਕ ਹੈ। ਪਰ ਪੰਜਾਬ ਆਪਣੇ ਹੱਕ ਅਤੇ ਪਾਣੀ ਕਿਸੇ ਨੂੰ ਵੀ ਲੁਟਾਉਣ ਲਈ ਤਿਆਰ ਨਹੀਂ ਹੈ। ਹਰਿਆਣਾ ਨੂੰ 1700 ਕਿਉਸਿਕ ਪਾਣੀ ਦੀ ਲੋੜ੍ਹ ਹੈ ਪਰ ਉਸਨੂੰ ਪਹਿਲਾਂ ਹੀ 4000 ਕਿਉਸਿਕ ਪਾਣੀ ਪੰਜਾਬ ਵੱਲੋਂ ਛੱਡਿਆ ਜਾ ਰਿਹਾ ਹੈ। ਪਰ ਹੁਣ ਹਰਿਆਣਾ ਵੱਲੋਂ ਪੰਜਾਬ ਦੀ ਬਾਂਹ ਮਰੋੜ ਕੇ 8500 ਕਿਉਸਿਕ ਪਾਣੀ ਮੰਗਣ ਦੀ ਮੰਗ ਨੂੰ ਕਿਸੇ ਵੀ ਹੀਲੇ ਮੰਨਿਆ ਨਹੀਂ ਜਾ ਸਕਦਾ।
ਇਸ ਮੌਕੇ ਪਰਮਿੰਦਰ ਕੌਰ ਬਰਾੜ ਪ੍ਰਧਾਨ ਨਗਰ ਕੌਂਸਲ ਐੱਸ ਡੀ ਐੱਮ ਪ੍ਰਮੋਦ ਸਿੰਗਲਾ, ਸਿਵਲ ਸਰਜਨ ਡਾਕਟਰ ਸੰਜੇ ਕਾਮਰਾ, ਮੇਲਾ ਸਿੰਘ, ਗੁਰਮੀਤ ਫੌਜੀ, ਵਿੱਕੀ, ਵੀਨਾ ਰਾਣੀ, ਰੀਨਾ ਰਾਣੀ, ਬਲਵਿੰਦਰ ਸਿੰਘ (ਸਾਰੇ ਐਮ ਸੀ), ਵਿੱਕੀ ਵਿਸ਼ਿਸ਼ਟ, ਨਿਹਾਲ ਸਿੰਘ, ਭੀਮ ਦਾਸ, ਗੋਬਿੰਦ ਸਿੰਘ, ਯੋਗਾ ਸਿੰਘ, ਜਗਰਾਜ ਸਿੰਘ ਤੇ ਹੋਰ ਹਾਜ਼ਰ ਸਨ।