2021 ਵਿੱਚ ਜਾਰੀ ਕੀਤਾ ਗਿਆ ਸੀ ਭਰਤੀ ਦਾ ਇਸ਼ਤਿਹਾਰ
ਮੁੱਖ ਮੰਤਰੀ ਵੱਲੋਂ ਨੌਕਰੀਆਂ ਦੇਣ ਦਾ ਝੂਠ ਪਰੋਸਿਆ ਜਾ ਰਿਹਾ
ਸੁਨਾਮ : ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਭਰਤੀ ਦਾ ਕੰਮ ਮੁਕੰਮਲ ਕਰਨ ਦੀ ਮੰਗ ਨੂੰ ਲੈਕੇ ਪਾਣੀ ਵਾਲ਼ੀ ਟੈਂਕੀ ਤੇ ਜਾ ਚੜ੍ਹੇ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਭਰਤੀ ਨੂੰ ਜਾਣ ਬੁੱਝਕੇ ਲਟਕਾ ਰਹੀ ਹੈ। ਪਿੰਡ ਸਤੌਜ ਦੀ ਅਨਾਜ ਮੰਡੀ ਦੇ ਨੇੜੇ ਬਣੀ ਪਾਣੀ ਵਾਲ਼ੀ ਟੈਂਕੀ ਤੇ ਚੜ੍ਹੇ ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਦੋ ਆਗੂਆਂ ਗੋਬਿੰਦ ਸਿੰਘ ਜਖੇਪਲ ਅਤੇ ਅੰਗਰੇਜ਼ ਸਿੰਘ ਸੈਦੇਵਾਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 16 ਦਸੰਬਰ 2021 ਵਿੱਚ 2000 ਪੀ.ਟੀ.ਆਈ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਚਾਰ ਮਹੀਨੇ ਦੇ ਲਗਭਗ ਇਸ ਭਰਤੀ ਦੇ ਸਰਵਿਸ ਰੂਲਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰੰਤੂ ਅਜੇ ਤੱਕ ਇਨ੍ਹਾਂ ਪੋਸਟਾਂ ਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਭਰਵਾਏ ਜਾ ਰਹੇ,ਜਿਸ ਕਰਕੇ ਬੇਰੁਜ਼ਗਾਰ ਪੀ.ਟੀ.ਆਈ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਇਸੇ ਰੋਸ ਵਜੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਾਣੀ ਵਾਲ਼ੀ ਟੈਂਕੀ ਦੇ ਉਪਰ ਚੜ੍ਹਕੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
ਇਸ ਮੌਕੇ ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਸੂਬਾ ਮੀਤ ਪ੍ਰਧਾਨ ਗੋਬਿੰਦ ਸਿੰਘ ਸੰਗਰੂਰ, ਗੁਰਮੀਤ ਸਿੰਘ ਚਾਹਲ, ਕਰਮਜੋਤ ਸਿੰਘ ਕੁਲਾਣਾ, ਬਲਕਾਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਜਗਸੀਰ ਸਿੰਘ ਡੂਡੀਆਂ, ਸਤਨਾਮ ਸਿੰਘ ਭਾਦੜਾ, ਸੰਦੀਪ ਸਿੰਘ, ਬਲਦੀਪ ਸਿੰਘ, ਬਿੰਦਰ ਸਿੰਘ ਬੇਰੁਜ਼ਗਾਰਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਕੋਈ ਵੀ ਭਰਤੀ ਨਹੀਂ ਕੱਢੀ ਜੋ ਭਰਤੀਆਂ ਹੋਈਆਂ ਹਨ ਉਹ ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਦੀਆਂ ਹਨ। ਮੁੱਖ ਮੰਤਰੀ 55 ਹਜ਼ਾਰ ਨੌਕਰੀਆਂ ਦੇਣ ਦਾ ਢੌਂਗ ਰਚਕੇ ਰਾਜ ਦੀ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਝੂਠ ਦਾ ਜਵਾਬ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ। ਪਾਣੀ ਵਾਲ਼ੀ ਟੈਂਕੀ ਤੇ ਚੜ੍ਹੇ ਗੋਬਿੰਦ ਸਿੰਘ ਜਖੇਪਲ ਅਤੇ ਅੰਗਰੇਜ਼ ਸਿੰਘ ਸੈਦੇਵਾਲਾ ਨੇ ਕਿਹਾ ਕਿ ਜਿੰਨਾਂ ਚਿਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਟੈਂਕੀ ਤੇ ਡਟੇ ਰਹਿਣਗੇ।