Tuesday, December 16, 2025

Malwa

ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੈਰਾਥਨ 26 ਅਪ੍ਰੈਲ ਨੂੰ: ਟੀ ਬੈਨਿਥ

April 22, 2025 07:03 PM
SehajTimes
ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ
 
ਬਰਨਾਲਾ :  ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 26 ਅਪ੍ਰੈਲ ਨੂੰ ਜ਼ਿਲ੍ਹਾ ਪੱਧਰ 'ਤੇ ਮੈਰਾਥਨ ਕਾਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੈਰਾਥਨ ਹੋਵੇਗੀ। ਉਨ੍ਹਾਂ ਕਿਹਾ ਕਿ ਕਰੀਬ 2.5 ਕਿਲੋਮੀਟਰ ਮੈਰਾਥਨ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ ਜਿਸ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਰਹਿਣ ਦਾ ਹੋਕਾ ਦਿੱਤਾ ਜਾਵੇਗਾ।
  ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਸਹੁੰ ਚੁੱਕ ਸਮਾਗਮ ਵੀ ਹੋਵੇਗਾ ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਮੂਲੀਅਤ ਕਰਨਗੇ।
    ਇਸ ਮੌਕੇ ਉਨ੍ਹਾਂ ਨਗਰ ਕੌਂਸਲ ਬਰਨਾਲਾ, ਸਿੱਖਿਆ ਵਿਭਾਗ, ਮਾਰਕੀਟ ਕਮੇਟੀ, ਜ਼ਿਲ੍ਹਾ ਮੰਡੀ ਅਫ਼ਸਰ, ਜ਼ਿਲ੍ਹਾ ਖੇਡ ਅਫ਼ਸਰ, ਪੰਚਾਇਤ ਵਿਭਾਗ, ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਸਾਫ ਸਫ਼ਾਈ, ਟ੍ਰੈਫਿਕ ਪ੍ਰਬੰਧ, ਰਿਫਰੈਸ਼ਮੈਂਟ, ਪੀਣ ਵਾਲੇ ਪਾਣੀ ਸਮੇਤ ਹੋਰ ਜ਼ਿੰਮੇਵਾਰੀਆਂ ਸੌਂਪੀਆਂ ਤਾਂ ਜੋ ਇਸ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸਫਲ ਬਣਾਇਆ ਜਾ ਸਕੇ।
   ਉਨ੍ਹਾਂ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ, ਸਮਾਜਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੈਰਾਥਨ ਵਿੱਚ ਹਿੱਸਾ ਲੈ ਕੇ ਸਿਹਤਮੰਦ ਬਰਨਾਲਾ ਦਾ ਸੁਨੇਹਾ ਦੇਣ।
   ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ, ਐੱਸ ਡੀ ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਸੀ ਐਮ ਫੀਲਡ ਅਫ਼ਸਰ ਜੁਗਰਾਜ ਸਿੰਘ ਕਾਹਲੋਂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Have something to say? Post your comment