ਜ਼ੀਰਕਪੁਰ : ਸ਼੍ਰੀ ਦੀਪਕ ਪਾਰਿਕ, ਐੱਸ.ਐੱਸ.ਪੀ, ਮੁਹਾਲੀ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਨਵਨੀਤ ਮਾਹਲ ਐੱਸ.ਪੀ.ਟ੍ਰੈਫ਼ਿਕ, ਮੁਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕਰਨੈਲ ਸਿੰਘ ਡੀ.ਐੱਸ.ਪੀ.ਟ੍ਰੈਫ਼ਿਕ ਪੁਲਿਸ, ਮੋਹਾਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੌਲਤ ਸਿੰਘ ਵਾਲ਼ਾ ਵਿਖੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਹਨਾਂ ਨੇ ਸਕੂਟਰ/ਮੋਟਰ ਸਾਈਕਲ ਚਾਲਕ ਦੇ ਨਾਲ਼-ਨਾਲ਼ ਪਿੱਛੇ ਬੈਠੇ ਵਿਅਕਤੀ ਨੂੰ ਵੀ ਵਧੀਆ ਕਿਸਮ ਦਾ ਆਈ.ਐੱਸ.ਆਈ. ਮਾਰਕ ਨਿਸ਼ਾਨ ਵਾਲ਼ਾ ਹੈਲਮੇਟ ਪਾਉਣ 'ਤੇ ਜ਼ੋਰ ਦਿੱਤਾ। ਉਹਨਾਂ ਨੇ ਖ਼ਾਸ ਤੌਰ 'ਤੇ ਲਾਲ ਬੱਤੀ ਹੋਈ ਹੋਣ 'ਤੇ ਉਸ ਸਮੇਂ ਕਿਸੇ ਵੀ ਪਾਸੋਂ ਕਿਸੇ ਦੇ ਨਾ ਆਉਣ-ਜਾਣ 'ਤੇ ਵੀ ਲਾਲ ਬੱਤੀ 'ਤੇ ਹੀ ਖੜੇ ਰਹਿਣ ਬਾਰੇ ਜਾਗਰੂਕ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਚਲਾਨ ਤੋਂ ਬਚਣ ਕਰਕੇ ਨਹੀਂ ਬਲਕਿ ਚੰਗੇ ਨਾਗਰਿਕ ਬਣਦੇ ਹੋਏ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਵਾਸਤੇ ਕਰਨਾ ਚਾਹੀਦਾ ਹੈ।
ਉਹਨਾਂ ਨੇ ਨਸ਼ੇ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਇਸ ਬਾਰੇ ਹੋਰਾਂ ਨੂੰ ਵੀ ਜਾਗਰੂਕ ਕਰਨ ਬਾਰੇ, ਅੰਡਰਏਜ ਡਰਾਇਵਿੰਗ ਨਾ ਕਰਨ ਬਾਰੇ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਵਾਹਨਾਂ ਨੂੰ ਸੜਕ 'ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲ਼ੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ, ਕਿਸੇ ਬੁਲੇਟ-ਮੋਟਰਸਾਇਕਲ 'ਤੇ ਜਾਣਬੁੱਝ ਕੇ ਪਟਾਕੇ ਨਾ ਮਾਰਨ ਪ੍ਰਤੀ ਅਪੀਲ ਕੀਤੀ। ਉਹਨਾਂ ਨੇ ਪੁਲਿਸ ਤੋਂ ਮੱਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 'ਤੇ ਕਾਲ ਕਰਕੇ ਸਹੀ ਥਾਂ ਦੀ ਜਾਣਕਾਰੀ ਦੇਣ ਬਾਰੇ ਵੀ ਦੱਸਿਆ ਗਿਆ।
ਇਸ ਦੇ ਨਾਲ਼ ਹੀ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ਼-ਨਾਲ਼ ਹੀ ਖੇਡਾਂ ਵੱਲ ਧਿਆਨ ਦੇਣ ਅਤੇ ਚੰਗੀ ਸਿਹਤ ਬਣਾ ਕੇ ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਪ੍ਰਤੀ ਵੀ ਜ਼ੋਰ ਦਿੱਤਾ। ਇਸ ਮੌਕੇ ਡਾ. ਸੁਨੀਲ ਬਹਿਲ, ਪ੍ਰਿੰਸੀਪਲ ਨੇ ਸ੍ਰੀ ਕਰਨੈਲ ਸਿੰਘ ਡੀ.ਐੱਸ.ਪੀ ਟ੍ਰੈਫ਼ਿਕ ਮੋਹਾਲੀ ਦੇ ਵਡਮੁੱਲੇ ਵਿਚਾਰਾਂ ਦਾ ਵਿਦਿਆਰਥੀਆਂ ਨੂੰ ਪਾਲਣ ਕਰਨ ਲਈ ਕਿਹਾ ਅਤੇ ਸਮੁੱਚੀ ਟ੍ਰੈਫ਼ਿਕ ਟੀਮ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਸਮੇਂ-ਸਮੇਂ 'ਤੇ ਸਕੂਲ ਆ ਕੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਦੇ ਨਿਯਮਾਂ ਪ੍ਰਤੀ ਸੁਚੇਤ ਕਰਦੇ ਰਹਿਣਗੇ। ਇਸ ਮੌਕੇ ਸ਼੍ਰੀ ਕਰਨੈਲ ਸਿੰਘ ਡੀ.ਐਸ.ਪੀ. ਟ੍ਰੈਫ਼ਿਕ, ਮੋਹਾਲੀ ਦੇ ਨਾਲ਼ ਸ਼੍ਰੀ ਕੁਲਵੰਤ ਸਿੰਘ ਇੰਚਾਰਜ ਟ੍ਰੈਫ਼ਿਕ, ਜ਼ੀਰਕਪੁਰ ਸਮੇਤ ਸਮੁੱਚੀ ਟ੍ਰੈਫ਼ਿਕ ਟੀਮ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।