Wednesday, December 17, 2025

Malwa

ਸਿਆਸੀ ਪਾਰਟੀਆਂ ਬੂਥ ਲੈਵਲ ਏਜੰਟ ਜਲਦ ਤੋਂ ਜਲਦ ਨਿਯੁਕਤ ਕਰਨ : ਇਸ਼ਾ ਸਿੰਗਲ

February 24, 2025 06:36 PM
SehajTimes

ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕੀਤੀ । ਮੀਟਿੰਗ ਦੌਰਾਨ ਇਸ਼ਾ ਸਿੰਗਲ ਨੇ ਸਿਆਸੀ ਪਾਰਟੀਆਂ ਦੇ ਨੁਮਾਂਇੰਦਿਆਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਆਪੋ ਆਪਣੇ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਯਕੀਨੀ ਬਣਾਈ ਜਾਵੇ । ਉਹਨਾਂ ਕਿਹਾ ਕਿ ਬੂਥ ਲੈਵਲ ਏਜੰਟ ਦਾ ਮੁੱਖ ਕੰਮ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਨਾਲ ਮਿਲ ਕੇ ਉਹਨਾਂ ਦੇ ਕੰਮ ਵਿੱਚ ਸਹਿਯੋਗ ਦੇਣਾ ਹੈ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ।

                          ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰੇਕ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀ ਵੱਲੋਂ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ਲਈ ਬੂਥ ਲੈਵਲ ਏਜੰਟ ਦੀ ਤਾਇਨਾਤੀ ਕੀਤੀ ਜਾਣੀ ਹੈ । ਉਹਨਾਂ ਦੱਸਿਆ ਕਿ ਸਮੂਹ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵੱਲੋਂ ਤਾਇਨਾਤ ਬੂਥ ਲੈਵਲ ਏਜੰਟ ਪੋਲਿੰਗ ਬੂਥਾਂ ਦੇ ਬੂਥ ਲੈਵਲ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਇਸ ਨਾਲ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ, ਹਟਾਉਣ, ਸੋਧ ਕਰਨ ਅਤੇ ਤਬਾਦਲੇ ਲਈ ਫਾਰਮ ਭਰਨ ਵਿੱਚ ਮਦਦ ਮਿਲੇਗੀ ।

                        ਇਸ਼ਾ ਸਿੰਗਲ ਨੇ ਦੱਸਿਆ ਕਿ ਬੂਥ ਲੈਵਲ ਏਜੰਟ ਵੈਰੀਫਿਕੇਸ਼ਨ ਦੌਰਾਨ ਘਰ-ਘਰ ਜਾ ਕੇ ਵੋਟਰਾਂ ਦੀ ਲਿਸਟ ਤਿਆਰ ਕਰਕੇ ਬੂੱਥ ਲੈਵਲ ਅਧਿਕਾਰੀ ਕੋਲ ਜਮ੍ਹਾ ਕਰਵਾਏਗਾ । ਉਹਨਾਂ ਇਹ ਵੀ ਕਿਹਾ ਕਿ ਬੂਥ ਲੈਵਲ ਏਜੰਟ ਆਪਣੇ ਅਧੀਨ ਆਉਂਦੇ ਏਰੀਏ ਵਿੱਚ ਆਉਂਦੇ ਵੋਟਰਾਂ ਨੂੰ ਵੋਟਾਂ ਸਬੰਧੀ ਜਾਗਰੂਕ ਅਤੇ ਪ੍ਰੇਰਿਤ ਕਰੇਗਾ। ਉਨਾਂ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਸਬੰਧੀ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੂਮਾਂਇੰਦਿਆਂ ਨੂੰ ਬੂਥ ਲੈਵਲ ਏਜੰਟਾਂ ਦੀ ਨਿਯੂਕਤੀ ਬਾਰੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।

ਇਸ ਮੌਕੇ ਆਮ ਆਦਮੀ ਪਾਰਟੀ ਤੋਂ ਸੁਖਦੇਵ ਸਿੰਘ ਅਤੇ ਗੁਲਜ਼ਾਰ ਪਟਿਆਲਵੀ, ਕਾਂਗਰਸ ਪਾਰਟੀ ਤੋਂ ਮੋਹਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਭੋਲਾ ਸਿੰਘ ਤੋਂ ਇਲਾਵਾ ਜ਼ਿਲ੍ਹਾ ਚੋਣ ਤਹਿਸੀਲਦਾਰ ਵਿਜੇ ਚੌਧਰੀ ਵੀ ਸ਼ਾਮਲ ਸਨ ।

Have something to say? Post your comment