ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ ‘ਤਾਊਤੇ’ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੁਜਰਾਤ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਵ ਦੇ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਮੋਦੀ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਦਿਨਾ ਗੁਜਰਾਤ ਦੌਰੇ ’ਤੇ ਭਾਵਨਗਰ ਪਹੁੰਚੇ ਜਿਥੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਮੋਦੀ ਹੈਲੀਕਾਪਟਰ ’ਤੇ ਸਵਾਰ ਹੋ ਕੇ ਪ੍ਰਭਾਵਤ ਖੇਤਰਾਂ ਦੇ ਹਵਾਈ ਸਰਵੇਖਣ ਲਈ ਨਿਕਲੇ। ਚੱਕਰਵਾਤ ਕਾਰਨ ਗਿਰ ਸੋਮਨਾਥ ਜ਼ਿਲ੍ਹੇ ਦੇ ਦੀਵ ਅਤੇ ਊਨਾ ਸ਼ਹਿਰ ਵਿਚਾਲੇ ਸੋਮਵਾਰ ਨੂੰ ਕਾਫ਼ੀ ਪਾਣੀ ਭਰ ਗਿਆ ਸੀ ਅਤੇ ਇਸ ਨਾਲ ਸੰਪਤੀ ਦਾ ਵੀ ਕਾਫ਼ੀ ਨੁਕਸਾਨ ਹੋਇਆ। ਗੁਜਰਾਤ ਵਿਚ ਤੂਫ਼ਾਨ ਕਾਰਨ ਤੱਟੀ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ, ਬਿਜਲੀ ਦੇ ਖੰਭੇ ਅਤੇ ਦਰੱਖ਼ਤ ਉਖੜ ਗਏ ਅਤੇ ਕਈ ਘਰਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪੁੱਜਾ।