Wednesday, September 17, 2025

Chandigarh

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

November 27, 2024 08:45 PM
ਅਮਰਜੀਤ ਰਤਨ

ਨਵੇਂ ਮੁਲਾਜ਼ਮਾਂ ਨੂੰ ਸਮਾਜ ਦੀ ਭਲਾਈ ਪ੍ਰਤੀ ਸਮਰਪਿਤ ਭਾਵਨਾ ਅਤੇ ਪੂਰੇ ਜਜ਼ਬੇ ਨਾਲ ਸੇਵਾ ਨਿਭਾਉਣ ਲਈ ਕੀਤਾ ਪ੍ਰੇਰਿਤ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ ਭਰਤੀ ਕੀਤੇ ਗਏ 17 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ।ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਪ੍ਰਤੀ ਸਮਰਪਿਤ ਭਾਵਨਾ ਅਤੇ ਪੂਰੇ ਜਜ਼ਬੇ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਲੋਕ ਭਲਾਈ ਲਈ ਸਾਰਥਕ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਲੋਕ ਸੇਵਾ ਇੱਕ ਨੇਕ ਜ਼ਿੰਮੇਵਾਰੀ ਹੈ। ਟਰਾਂਸਪੋਰਟ ਵਿਭਾਗ ਵਿੱਚ ਅੱਜ ਨਿਯੁਕਤ ਹੋਏ ਕਈ ਉਮੀਦਵਾਰਾਂ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦੀ ਉਡੀਕ ਕਰਦਿਆਂ 10 ਤੋਂ ਲੈ ਕੇ 32 ਸਾਲ ਤੱਕ ਹੋ ਗਏ ਹਨ ਪਰ ਪਿਛਲੀਆਂ ਸਰਕਾਰਾਂ ਨੇ ਕਦੇ ਉਨ੍ਹਾਂ ਦੀ ਬਾਂਹ ਨਹੀਂ ਫੜੀ।

ਨਵ-ਨਿਯੁਕਤ ਮੁਲਾਜ਼ਮ ਸਰਬਜੀਤ ਸਿੰਘ ਵਾਸੀ ਪਿੰਡ ਨੰਗਲ ਫੀਦਾ, ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਉਸ ਦੇ ਪਿਤਾ ਦਾਰਾ ਸਿੰਘ ਦੀ ਮੌਤ ਹੋਣ ਉਪਰੰਤ ਉਸ ਨੇ ਸਾਲ 1992 ਵਿੱਚ ਵਿਭਾਗ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ ਪਰ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਅਤੇ ਲਾਰਿਆਂ ਕਰਕੇ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਉਚੇਚਾ ਧੰਨਵਾਦ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਦੇ ਉਦਮਾਂ ਸਦਕਾ ਅੱਜ ਕਰੀਬ 32 ਸਾਲ ਬਾਅਦ ਉਸ ਨੂੰ ਨੌਕਰੀ ਨਸੀਬ ਹੋਈ ਹੈ।

ਆਪਣੀ ਉਮਰ ਦੇ 51ਵਿਆਂ ਵਿੱਚ ਪਹੁੰਚ ਚੁੱਕੇ ਨਵ-ਨਿਯੁਕਤ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਹਰਚਰਨ ਸਿੰਘ, ਵਾਸੀ ਪਿੰਡ ਮੁਕੰਦਪੁਰ, ਜ਼ਿਲ੍ਹਾ ਜਲੰਧਰ ਦੀ ਸਾਲ 2000 ਵਿੱਚ ਡਿਊਟੀ ਦੌਰਾਨ ਮੌਤ ਹੋ ਜਾਣ 'ਤੇ ਉਸ ਨੇ ਤਰਸ ਦੇ ਆਧਾਰ 'ਤੇ ਨੌਕਰੀ ਲਈ ਅਪਲਾਈ ਕੀਤਾ ਸੀ ਪਰ ਉਸ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਧੱਕੇ ਹੀ ਮਿਲਦੇ ਰਹੇ ਜਿਸ ਕਾਰਨ ਉਹ ਕਰੀਬ 24 ਸਾਲ ਮਜ਼ਾਕ ਦੇ ਪਾਤਰ ਬਣਦੇ ਰਹੇ। ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਗਈ ਅਤੇ ਨੌਕਰੀ ਦੇ ਕੇ ਨਿਵਾਜਿਆ ਗਿਆ।

ਇਸੇ ਤਰ੍ਹਾਂ ਨਵ-ਨਿਯੁਕਤ ਮੁਲਾਜ਼ਮ ਸੁਖਬੀਰ ਸਿੰਘ ਪੁੱਤਰ ਸਵਰਗੀ ਤਰਸੇਮ ਸਿੰਘ ਵਾਸੀ ਜਸਪਾਲ ਨਗਰ, ਸੁਲਤਾਨਵਿੰਡ ਰੋਡ (ਅੰਮ੍ਰਿਤਸਰ) ਅਤੇ ਰਾਜਿੰਦਰ ਸਿੰਘ ਪੁੱਤਰ ਸਵਰਗੀ ਜਸਵੰਤ ਕੌਰ ਵਾਸੀ ਸ਼ਹੀਦ ਊਧਮ ਸਿੰਘ ਨਗਰ, ਤਰਨ ਤਾਰਨ ਰੋਡ (ਅੰਮ੍ਰਿਤਸਰ) ਨੂੰ 18 ਸਾਲ ਬਾਅਦ, ਸ੍ਰੀਮਤੀ ਆਸ਼ਾ ਪਤਨੀ ਸਵਰਗੀ ਅਸ਼ੋਕ ਕੁਮਾਰ ਵਾਸੀ ਫ਼ਿਰੋਜ਼ਪੁਰ ਸ਼ਹਿਰ ਅਤੇ ਜਸਵਿੰਦਰ ਸਿੰਘ ਪੁੱਤਰ ਸਵਰਗੀ ਸਤਪਾਲ ਸਿੰਘ ਵਾਸੀ ਕਾਲਕਾ (ਪੰਚਕੂਲਾ) ਨੂੰ 14 ਸਾਲ ਬਾਅਦ ਅਤੇ ਗਗਨਦੀਪ ਸਿੰਘ ਪੁੱਤਰ ਸਵਰਗੀ ਰੁਲਦੂ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ 13 ਸਾਲ ਬਾਅਦ ਨੌਕਰੀ ਮਿਲੀ ਹੈ। ਖ਼ੁਸ਼ੀ ਵਿੱਚ ਖੀਵੇ ਹੋਏ ਇਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦਾ ਉਚੇਚਾ ਧੰਨਵਾਦ ਕੀਤਾ।

ਇਸੇ ਦੌਰਾਨ ਪਿਛਲੀਆਂ ਸਰਕਾਰਾਂ 'ਤੇ ਵਰ੍ਹਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਢਿੱਲਮੱਠ ਕਰਕੇ ਯੋਗ ਉਮੀਦਵਾਰਾਂ ਨੂੰ ਵੀ 32-32 ਸਾਲ ਤੱਕ ਧੱਕੇ ਖਾਣ ਪਏ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਨ-ਰਾਤ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਸਾਂਭਦਿਆਂ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਨੌਕਰੀ ਸਬੰਧੀ ਮਾਮਲਿਆਂ ਵਿੱਚ ਤੇਜ਼ੀ ਲਿਆਂਦੀ ਜਾਵੇ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੁੜ ਹਦਾਇਤ ਕੀਤੀ ਕਿ ਉਹ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੇ ਮਾਮਲਿਆਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕਰਨ। ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ. ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਹੁਣ ਤੱਕ ਲਗਭਗ 50,000 ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਉਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਸੂਬੇ ਦੇ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਮਾਰਚ 2022 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮਹਿਜ਼ 32 ਮਹੀਨਿਆਂ ਦੌਰਾਨ 50,000 ਦੇ ਕਰੀਬ ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਪੈਦਾ ਕੀਤੇ ਰੁਜ਼ਗਾਰ ਦੇ ਭਰਪੂਰ ਮੌਕਿਆਂ ਸਦਕਾ, ਪਹਿਲਾਂ ਵਿਦੇਸ਼ਾਂ ਵਿੱਚ ਮੌਕਿਆਂ ਦੀ ਤਲਾਸ਼ ਵਿੱਚ ਜਾਣ ਲਈ ਮਜਬੂਰ ਹੋਏ ਨੌਜਵਾਨ ਹੁਣ ਪੰਜਾਬ ਪਰਤ ਰਹੇ ਹਨ।

Have something to say? Post your comment

 

More in Chandigarh

ਸਰਹੱਦੀ ਜਿਲ੍ਹਿਆਂ ਦੀ ਜ਼ਮੀਨ ਨੂੰ ਸਿਲਟ ਮੁਕਤ ਕਰਨ ਲਈ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਕੇਂਦਰ ਨੂੰ ਆਰ.ਕੇ.ਵੀ.ਵਾਈ ਯੋਜਨਾ ਤਹਿਤ 151 ਕਰੋੜ ਜਾਰੀ ਕਰਨ ਦੀ ਅਪੀਲ

ਪੰਜਾਬ ਸਰਕਾਰ ਦੇ ਯਤਨਾਂ ਨਾਲ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੀਹ 'ਤੇ ਪੈਣ ਲੱਗੀ ਜ਼ਿੰਦਗੀ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਨੁੱਖੀ ਸਿਹਤ ਤੇ ਜਾਨਵਰਾਂ ਦੀ ਤੰਦਰੁਸਤੀ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲ੍ਹਾਂ ਵਿੱਚ ਆਈਟੀਆਈਜ਼ ਦਾ ਉਦਘਾਟਨ

'ਯੁੱਧ ਨਸ਼ਿਆਂ ਵਿਰੁੱਧ’ ਦੇ 199ਵੇਂ ਦਿਨ ਪੰਜਾਬ ਪੁਲਿਸ ਵੱਲੋਂ 359 ਥਾਵਾਂ 'ਤੇ ਛਾਪੇਮਾਰੀ; 86 ਨਸ਼ਾ ਤਸਕਰ ਕਾਬੂ

ਹੈਪੀ ਫੋਰਜਿੰਗਜ਼ ਲਿਮਟਿਡ ਪੰਜਾਬ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ: ਕੈਬਨਿਟ ਮੰਤਰੀ ਸੰਜੀਵ ਅਰੋੜਾ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਨਗਰ ਨਿਗਮ ਕਮਿਸ਼ਨਰਾਂ ਨੂੰ ਅਗਾਮੀ ਜਨਗਣਨਾ ਲਈ ਸੁਚਾਰੂ ਤਿਆਰੀਆਂ ਯਕੀਨੀ ਬਣਾਉਣ ਦੇ ਨਿਰਦੇਸ਼

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਸੋਸ਼ਲ ਆਡਿਟ, ਹੜ੍ਹਾਂ ਦੇ ਪ੍ਰਭਾਵ, ਪੋਸ਼ਣ ਯੋਜਨਾਵਾਂ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਬਾਰੇ ਵਿਸਥਾਰਿਤ ਚਰਚਾ

ਪੰਜਾਬ ਪੁਲਿਸ ਵੱਲੋਂ 5ਜੀ ਟੈਲੀਕਾਮ ਸਬੰਧੀ ਚੋਰੀਆਂ 'ਤੇ ਸਖ਼ਤ ਕਾਰਵਾਈ; 61 ਗ੍ਰਿਫ਼ਤਾਰ, 95 ਐਫਆਈਆਰਜ਼ ਦਰਜ

ਹੜ੍ਹਾਂ ਦੀ ਸਥਿਤੀ ਵਿੱਚ ਸੁਧਾਰ ਦੇ ਨਾਲ ਪੰਜਾਬ ਵਿੱਚ ਜਨ-ਜੀਵਨ ਮੁੜ ਲੀਹ 'ਤੇ ਪਰਤਿਆ : ਹਰਦੀਪ ਸਿੰਘ ਮੁੰਡੀਆਂ