Wednesday, December 17, 2025

Malwa

ਐਸ.ਡੀ.ਐਮ ਪਟਿਆਲਾ ਪਿੰਡਾਂ ‘ਚ ਕਿਸਾਨਾਂ ਨੂੰ ਮਿਲੇ, ਪਰਾਲੀ ਪ੍ਰਬੰਧਨ ਲਈ ਕੀਤਾ ਜਾਗਰੂਕ

October 03, 2024 03:53 PM
SehajTimes

ਪਟਿਆਲਾ : ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਅੱਜ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਐਸ.ਡੀ.ਐਮ ਪਟਿਆਲਾ ਮਨਜੀਤ ਕੌਰ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਮਿਲੇ ਤੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ। ਪਟਿਆਲਾ ਸਬ ਡਵੀਜ਼ਨ ਦੇ ਪਿੰਡ ਲੰਗ, ਚਲੈਲਾ, ਕਸਿਆਣਾ ਤੇ ਫੱਗਣ ਮਾਜਰਾ ਸਮੇਤ ਦਰਜਨ ਦੇ ਕਰੀਬ ਪਿੰਡ ਦਾ ਦੌਰਾ ਕਰਦਿਆਂ ਐਸ.ਡੀ.ਐਮ ਨੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਗਏ ਉਪਰਾਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ ਮਸ਼ੀਨਰੀ ਲਈ ਆਪਣੇ ਪਿੰਡ ਦੇ ਵਿਲੇਜ਼ ਲੈਵਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ ਜਾ ਫੇਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਬਣਾਈ ਗਈ ’ਉੱਨਤ ਕਿਸਾਨ’ ਐਪ ਰਾਹੀਂ ਲੋੜੀਂਦੀ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਪਿਛਲੇ ਸਾਲ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਦੌਰਾਨ ਐਸ.ਡੀ.ਐਮ ਮਨਜੀਤ ਕੌਰ ਨੇ ਕਿਸਾਨਾਂ ਤੇ ਪਿੰਡਾਂ ਦੇ ਹੋਰਨਾਂ ਵਸਨੀਕਾਂ ਨੂੰ ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਕਿਸਾਨਾਂ ਦਾ ਖੁਦ ਦਾ ਅਤੇ ਧਰਤੀ ਸਮੇਤ ਪੌਣ-ਪਾਣੀ ਤੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਬੇਲਰ, ਚੌਪਰ, ਸੁਪਰ ਸੀਡਰ ਤੇ ਸਰਫੇਸ ਸੀਡਰ ਵਰਗੀ ਮਸ਼ੀਨਰੀ ਉਪਲਬੱਧ ਹੈ, ਕਿਸਾਨ ਆਪਣੇ ਖੇਤ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਰਾਲੀ ਦਾ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਨਾਲ ਨਿਪਟਾਰਾ ਕਰਨ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਪਰਮਜੀਤ ਕੌਰ ਵੀ ਮੌਜੂਦ ਸਨ।

 

Have something to say? Post your comment