Wednesday, September 17, 2025

Majha

ਅੰਮ੍ਰਿਤਸਰ ਲੁੱਟ ਕੇਸ: ਪੀੜਤ ਦੇ ਡਰਾਈਵਰ ਦੀ ਧੀ, ਉਸਦੇ ਮੰਗੇਤਰ ਸਮੇਤ 7 ਗ੍ਰਿਫਤਾਰ

July 02, 2024 12:56 PM
SehajTimes

ਪੰਜਾਬ ਪੁਲਿਸ ਦੀਆਂ ਟੀਮਾਂ ਨੇ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ 24 ਘੰਟਿਆਂ ਦੇ ਅੰਦਰ ਮਹਾਰਾਸ਼ਟਰ ਤੋਂ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ : ਡੀਜੀਪੀ ਗੌਰਵ ਯਾਦਵ

ਦੋ ਹੋਰ ਮੁਲਜ਼ਮਾਂ ਦੀ ਵੀ ਹੋਈ ਸ਼ਨਾਖਤ, ਉਨ੍ਹਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ : ਸੀ.ਪੀ. ਅੰਮ੍ਰਿਤਸਰ  ਰਣਜੀਤ ਸਿੰਘ ਢਿੱਲੋਂ

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਨਸਨੀਖੇਜ਼ ਅੰਮਿਰਤਸਰ ਲੁੱਟ ਕੇਸ ਦਾ ਖੁਰਾ-ਖੋਜਦਿਆਂ ਪੀੜਤ ਦੇ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ, ਜਿੰਨ੍ਹਾਂ ਨੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚੀ ਸੀ, ਨੂੰ 7 ਮੁਲਜ਼ਮਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾਨੀ (28) ਵਾਸੀ ਅਮਰ ਐਵੀਨਿਊ ਖੰਡਵਾਲਾ ਛੇਹਰਟਾ ਅਤੇ ਉਸ ਦੇ ਮੰਗੇਤਰ ਗੁਰਟੇਕ ਸਿੰਘ (23) ਵਾਸੀ ਅਜਨਾਲਾ ਅਤੇ ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ (34) ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੰਦੀਪ ਸਿੰਘ (29) ਵਾਸੀ ਜੰਡਿਆਲਾ, ਦੀਪਕ ਕੁਮਾਰ (30) ਪਿੰਡ ਮਾਹਲ, ਹਰਦੇਵ ਸਿੰਘ (53) ਅਜਨਾਲਾ ਅਤੇ ਹਰਪਾਲ ਸਿੰਘ (52) ਰਾਜਾਸਾਂਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਸ਼ਿਵਾਨੀ ਨਰਿੰਦਰ ਮੋਹਨ ਮਹਿਤਾ, ਜੋ ਕਿ ਪੀੜਤ ਜੀਆ ਲਾਲ ਬਹਿਲ ਦਾ ਡਰਾਈਵਰ ਹੈ, ਦੀ ਧੀ ਹੈ, ਜੋ ਕਿ ਪੀੜਤ ਦੀ ਦੌਲਤ-ਸ਼ੌਹਰਤ ਤੋਂ ਭਲੀਭਾਂਤ ਜਾਣੂ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀ, ਜਿਨਾ ਨੇ ਮੂੰਹ ਢਕੇ ਹੋਏ ਸਨ, ਨੇ ਪੀੜਤ ਜੀਆ ਲਾਲ ਦੇ ਘਰ ’ਚ ਦਾਖਲ ਹੋ ਕੇ 90 ਲੱਖ ਰੁਪਏ ਅਤੇ 3 ਕਿਲੋ ਦੇ ਗਹਿਣਿਆਂ ਦੀ ਲੁੱਟ ਕੀਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ- ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਰਾਸ਼ਟਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ, ਜਦ ਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਵੀ ਬਰਾਮਦ ਕੀਤਾ ਹੈ।

ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਇਸ ਸਨਸਨੀਖੇਜ਼ ਲੁੱਟ ਦੇ ਕੇਸ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਅਪਣਾਈ ਗਈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਏ.ਡੀ.ਸੀ.ਪੀ ਸਿਟੀ-2 ਅਭਿਮਨਿਊ ਰਾਣਾ ਅਤੇ ਏ.ਸੀ.ਪੀ ਉੱਤਰੀ ਵਿਜੇ ਕੁਮਾਰ ਦੀ ਦੇਖ-ਰੇਖ ਹੇਠ ਸਿਵਲ ਲਾਈਨ ਪੁਲਿਸ ਸਟੇਸ਼ਨ, ਸੀ.ਆਈ.ਏ.-1 ਅਤੇ ਸੀ.ਆਈ.ਏ.-2 ਦੀਆਂ ਪੁਲਿਸ ਟੀਮਾਂ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੇਸ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ 24 ਘੰਟਿਆਂ ਵਿੱਚ ਮਹਾਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਜਾ ਦਬੋਚਿਆ। ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਦੋ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਇਸ ਸਬੰਧੀ  ਐਫ ਆਈ ਆਰ ਨੰ. 107 ਮਿਤੀ 26-06-2024 ਨੂੰ ਆਈ.ਪੀ.ਸੀ. ਦੀ ਧਾਰਾ 394 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਵਲ ਲਾਈਨ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ ਸੀ।

Have something to say? Post your comment

 

More in Majha

ਦਮਦਮੀ ਟਕਸਾਲ ਦਾ ਵੱਡਾ ਫ਼ੈਸਲਾ : ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਫਾਜ਼ਿਲਕਾ ਤੋਂ ਪਾਕਿਸਤਾਨ ਤੋਂ ਪ੍ਰਾਪਤ 27 ਹਥਿਆਰ ਬਰਾਮਦ; ਦੋ ਗ੍ਰਿਫ਼ਤਾਰ

ਹਥਿਆਰਾਂ ਦੀ ਤਸਕਰੀ ਦਾ ਮੁੱਖ ਦੋਸ਼ੀ ਛੇ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ; 6 ਹਥਿਆਰਾਂ ਤੇ 5.75 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ

ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ

8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਗੁਰਸੇਵਕ ਦੇ ਬਿਆਨ 'ਤੇ ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ; ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ

ਫ਼ਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼; 12.1 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਮੁਹਿੰਮ ਲਗਾਤਾਰ ਜਾਰੀ: ਸਰਦਾਰ ਹਰਮੀਤ ਸਿੰਘ ਕਾਲਕਾ

ਕੈਨੇਡਾ ਸਰਕਾਰ ਦੀ ਵਿੱਤੀ ਰਿਪੋਰਟ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦੀ ਪੁਸ਼ਟੀ ਕੀਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ।