Sunday, May 05, 2024

Delhi

ਮਹਿੰਗਾਈ ਅਤੇ ਗਰੀਬੀ ਲੋਕਾਂ ਦਾ ਲੱਕ ਤੋੜ ਰਹੀ ਹੈ : ਖੜਗੇ

April 21, 2024 09:40 PM
SehajTimes

ਨਵੀਂ ਦਿੱਲੀ : ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਸਤਨਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਿੰਗਾਈ ਗ਼ਰੀਬਾਂ ਦਾ ਲੱਕ ਤੋੜ ਰਹੀ ਹੈ। ਮਹਿੰਗਾਈ ਲੋਕਾਂ ਦੀਆਂ ਜਾਨਾਂ ਲੈ ਰਹੀ ਹੈ ਅਤੇ ਕੋਈ ਵੀ ਖ਼ੁਸ਼ ਨਹੀਂ ਹੈ। ਜੇਕਰ ਖ਼ੁਸ਼ ਹੈ ਤਾਂ ਇਕ ਆਦਮੀ ਮੋਦੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਲੋਕ ਗ਼ਰੀਬੀ ਵਿੱਚ ਰਹਿਣ, ਉਨ੍ਹਾਂ ਨੂੰ ਭੋਜਨ ਨਾ ਮਿਲੇ, ਉਨ੍ਹਾਂ ਦੀ ਆਮਦਨ ਵਿੱਚ ਵਾਧਾ ਨਾ ਹੋਵੇ ਇਹੀ ਮੋਦੀ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਨਾਹਰਾ ਹੈ ਸਬਕਾ ਸਾਥ, ਸਬਕਾ ਵਿਕਾਸ, ਬਾਕੀ ਦਾ ਵਿਨਾਸ਼। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਮੈਂ ਕਈ ਥਾਵਾਂ ਦਾ ਦੌਰਾ ਕੀਤਾ ਹੈ ਅਤੇ ਜਿਥੇ ਵੀ ਗਿਆ ਹਾਂ ਉਥੇ ਲੋਕਾਂ ਦੇ ਮੁੱਖ ਮੁੱਦੇ ਮਹਿੰਗਾਈ ਅਤੇ ਬੇਰੁਜ਼ਗਾਰੀ ਹੀ ਹਨ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਦੀ ਹਰ ਚੀਜ਼ ਨੂੰ ਦੋ ਬੰਦੇ ਵੇਚ ਰਹੇ ਹਨ ਅਤੇ ਦੋ ਲੈਣ ਵਾਲੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ, ਸੜਕਾਂ, ਰੇਲਵੇ ਨੂੰ ਮੋਦੀ ਅਤੇ ਅਮਿਤ ਸ਼ਾਹ ਵੇਚ ਰਹੇ ਹਨ ਅਤੇ ਅਡਾਨੀ ਅਤੇ ਅੰਬਾਨੀ ਇਨ੍ਹਾਂ ਨੂੰ ਖ਼ਰੀਦ ਰਹੇ ਹਨ। ਬੈਂਕਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। 16 ਲੱਚ ਕਰੋੜ ਰੁਪਏ ਅਮੀਰਾਂ ਦੇ ਕਰਜ਼ੇ ਤਾਂ ਮੁਆਫ਼ ਹੋ ਗਏ ਪਰ ਕਿਸਾਨਾਂ ਆਪਣੇ ਕਰਜ਼ੇ ਮੁਆਫ਼ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਮਲਨਾਥ ਜਦੋਂ ਸੱਤਾ ਵਿੱਚ ਸਨ ਤਾਂ ਉਨ੍ਹਾਂ ਨੇ ਹੈਰਾਨੀਜਨਕ ਕੰਮ ਕੀਤੇ ਸਨ। ਉਨ੍ਹਾਂ ਨੇ 27 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਸੀ ਅਤੇ ਓ.ਬੀ.ਸੀ. ਨੂੰ 27 ਫ਼ੀ ਸਦੀ ਰਾਖਵਾਂਕਰਨ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 100 ਰੁਪਏ ਵਿੱਚ 100 ਯੂਨਿਟ ਬਿਜਲੀ ਦਿੱਤੀ ਸੀ। ਖੜਗੇ ਨੇ ਇਸ ਮੌਕੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਭਾਵੇਂ ਡਾ. ਅੰਬੇਦਕਰ ਉਪਰੋਂ ਆ ਜਾਣ ਫ਼ਿਰ ਵੀ ਸੰਵਿਧਾਨ ਨਹੀਂ ਬਦਲੇਗਾ। ਪਰ ਮੈਂ ਪੁੱਛਦਾ ਹਾਂ ਕਿ ਤੁਹਾਡੇ ਸੰਸਦ ਮੈਂਬਰ ਅਤੇ ਵਿਧਾਇਕ ਕਿਉਂ ਕਹਿੰਦੇ ਹਨ ਕਿ ਅਸੀਂ ਸੰਵਿਧਾਨ ਬਦਲ ਦੇਵਾਂਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਡੀ ਪਾਰਟੀ ਦੇ ਲੀਡਰਾਂ ਨੂੰ ਡਰਾ ਧਮਕਾ ਕੇ ਆਪਣੀ ਵਿੱਚ ਸ਼ਾਮਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਤਨਾ ਵਿਖੇ ਹੋਈ ਮੀਟਿੰਗ ਵਿੰਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਆਉਣਾ ਸੀ ਪਰ ਉਨ੍ਹਾਂ ਸਿਹਤ ਠੀਕ ਨਾ ਹੋਣ ਕਾਰਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਆਉਣਾ ਪਿਆ।

Have something to say? Post your comment