Sunday, May 19, 2024

Chandigarh

11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ : ਮੁੱਖ ਮੰਤਰੀ

February 05, 2024 04:40 PM
SehajTimes
ਚੰਡੀਗੜ੍ਹ : ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਸੌਂਪੇ, ਜਿਨ੍ਹਾਂ ਨੇ 40 ਸਾਲਾਂ ਬਾਅਦ ਹਾਕੀ ਦੇ ਖੇਤਰ ਵਿੱਚ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਿਆ ਅਤੇ ਕ੍ਰਿਕਟ ਤੇ ਸ਼ਾਟ ਪੁੱਟ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਸਮਾਗਮ ਕਰਵਾ ਕੇ ਆਪਣੀ ਸਰਕਾਰੀ ਰਿਹਾਇਸ਼ ਵਿੱਚ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡ ਹੋਣ ਦੇ ਬਾਵਜੂਦ ਪਹਿਲਾਂ ਲੋਕ ਹਾਕੀ ਦੀ ਖੇਡ ਪ੍ਰਤੀ ਉਦਾਸੀਨ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਦੇਸ਼ ਅਤੇ ਸੂਬੇ ਵਿਚ ਇਸ ਖੇਡ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਾਕੀ ਦੇ 9, ਕ੍ਰਿਕਟ ਦੇ ਇਕ ਅਤੇ ਸ਼ਾਟ ਪੁੱਟ ਦੇ ਇਕ ਖਿਡਾਰੀ ਸਮੇਤ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀ ਭਰਤੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੂੰ ਪੀ.ਪੀ.ਐਸ. ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ ਅਤੇ ਦਿਲਪ੍ਰੀਤ ਸਿੰਘ (ਹਾਕੀ ਤੋਂ) ਅਤੇ ਹਰਮਨਪ੍ਰੀਤ ਕੌਰ (ਕ੍ਰਿਕਟ) ਅਤੇ ਤੇਜਿੰਦਰ ਤੂਰ (ਸ਼ਾਟ ਪੁੱਟ) ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਚਾਰ ਹਾਕੀ ਖਿਡਾਰੀਆਂ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਨੂੰ ਪੀ.ਸੀ.ਐਸ. ਨਿਯੁਕਤ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਰਵਾਸ ਨੂੰ ਪੁੱਠਾ ਗੇੜ ਆਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਵਿਦੇਸ਼ਾਂ ਵਿੱਚ ਵਸੇ ਨੌਜਵਾਨ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪਹਿਲਕਦਮੀ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਇਹੀ ‘ਉਲਟਾ ਰੁਝਾਨ’ ਸ਼ੁਰੂ ਹੋ ਜਾਵੇਗਾ ਕਿਉਂਕਿ ਦੂਜੇ ਸੂਬਿਆਂ ਦੇ ਖਿਡਾਰੀ ਪੰਜਾਬ ਸਰਕਾਰ ਦਾ ਹਿੱਸਾ ਬਣਨ ਲਈ ਤਿਆਰ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਹਰ ਖੇਤਰ ਵਿੱਚ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਾ ਸਿਰਫ਼ ਦੇਸ਼ ਦਾ ਅੰਨਦਾਤਾ ਹੋਣ ਦਾ ਮਾਣ ਹਾਸਲ ਹੈ, ਸਗੋਂ ਇਹ ਦੇਸ਼ ਵਿੱਚ ਉੱਘੇ ਖਿਡਾਰੀ ਵੀ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਸੂਬੇ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਲਈ ਝੋਨਾ ਪੈਦਾ ਕਰਦਾ ਹੈ, ਜਿਸ ਵਿੱਚੋਂ 99 ਫੀਸਦੀ ਹਿੱਸਾ ਦੂਜੇ ਸੂਬਿਆਂ ਨੂੰ ਵੇਚਿਆ ਜਾ ਰਿਹਾ ਹੈ ਕਿਉਂਕਿ ਅਸੀਂ ਇਸ ਦੀ ਖਪਤ ਨਹੀਂ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਦੇਸ਼ ਦੀ ਖੜਗ ਭੁਜਾ ਰਿਹਾ ਹੈ ਕਿਉਂਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਪੰਜਾਬ ਦੇ ਸੂਰਬੀਰ ਪੁੱਤਰਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਕੌਮੀ ਆਜ਼ਾਦੀ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਹਮੇਸ਼ਾ ਸਾਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਅਥਾਹ ਕੁਰਬਾਨੀਆਂ ਕਰਨ ਲਈ ਪ੍ਰੇਰਿਤ ਕੀਤਾ ਹੈ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਕਿ ਪਹਿਲਾਂ ਵਾਲੇ ਮੁੱਖ ਮੰਤਰੀਆਂ ਨੂੰ ਨਾ ਤਾਂ ਸੂਬੇ ਅਤੇ ਨਾ ਹੀ ਇਸ ਦੇ ਲੋਕਾਂ ਦੀ ਚਿੰਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਲੋਕਾਂ ਦਾ ਜੀਵਨ ਤਬਾਹ ਕਰ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੋਕ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਉਦਾਸੀਨ ਰਵੱਈਆ ਰੱਖਦੇ ਸਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਜਿਸ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਨਾਲ ਇਸ ਪੁਰਸਕਾਰ ਦਾ ਮਾਣ ਵਧਦਾ ਹੈ, ਉਸੇ ਤਰ੍ਹਾਂ ਸੂਬਾ ਸਰਕਾਰ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦ ਸੱਚਮੁੱਚ ਇਸ ਪੁਰਸਕਾਰ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਵਿਦੇਸ਼ੀ ਚੁੰਗਲ ਤੋਂ ਮੁਕਤ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਾਮਵਰ ਖਿਡਾਰੀਆਂ ਨੂੰ ਇਹ ਨੌਕਰੀਆਂ ਦੇਣ ਨਾਲ ਇਨ੍ਹਾਂ ਨੌਕਰੀਆਂ ਦੀ ਵੁੱਕਤ ਵਧਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਸ ਵਿੱਚ ਜੋੜੇਗੀ, ਜਿਸ ਲਈ ਅਗਲੇ ਵਿੱਤੀ ਵਰ੍ਹੇ ਤੋਂ ਵੱਡਾ ਬਜਟ ਰੱਖਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਭਲੀਭਾਂਤ ਜਾਣਦੇ ਹਨ ਕਿ ‘ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ’, ਇਸ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿਚ ਰੁੱਝੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਹਰ ਸਾਲ 2100 ਅਸਾਮੀਆਂ ਦੀ ਰੈਗੂਲਰ ਭਰਤੀ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ, ਜਿਸ ਨਾਲ ਨੌਜਵਾਨ ਸਖ਼ਤ ਮਿਹਨਤ ਕਰਨ ਅਤੇ ਪੁਲਿਸ ਵਿੱਚ ਅਫ਼ਸਰ ਬਣਨ ਲਈ ਪ੍ਰੇਰਿਤ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੌਮਾਂਤਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਾਰੇ 100 ਫੀਸਦੀ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸੂਬਾ ਸਰਕਾਰ ਦੀ ਮੁਹਿੰਮ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੋ ਸਕਦਾ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇ ਕੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਗਰਾਊਂਡ ਅਤੇ ਹੋਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਤੋਂ ਇਲਾਵਾ ਮੁਕਾਬਲਿਆਂ ਦੀ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਦੋਵਾਂ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਿਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਭਰਦੇ ਖਿਡਾਰੀਆਂ ਨੂੰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ। ਇਸ ਦੌਰਾਨ ਖਿਡਾਰੀਆਂ ਨੇ ਮੁੱਖ ਮੰਤਰੀ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ। ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਉਸ ਲਈ ਬਹੁਤ ਵੱਡਾ ਦਿਨ ਹੈ, ਉਨ੍ਹਾਂ 2021 ਵਿੱਚ ਤਮਗਾ ਜਿੱਤਿਆ ਸੀ ਪਰ ਅੱਜ ਇਹ ਨੌਕਰੀ ਮਿਲੀ ਹੈ। ਇਹ ਮੁੱਖ ਮੰਤਰੀ ਦੇ ਖ਼ੁਦ ਖੇਡ ਪ੍ਰੇਮੀ ਹੋਣ ਕਾਰਨ ਸੰਭਵ ਹੋਇਆ। ਹਰਮਨਪ੍ਰੀਤ ਸਿੰਘ ਨੇ ਸੂਬਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ। ਇਕ ਹੋਰ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੀ.ਸੀ.ਐਸ. ਖਿਡਾਰੀਆਂ ਨੂੰ ਕਿਸੇ ਸੂਬਾ ਸਰਕਾਰ ਵੱਲੋਂ ਸਿੱਧੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਨਾ ਮਿਲੇਗੀ।    

Have something to say? Post your comment

 

More in Chandigarh

ਜ਼ੀਰਕਪੁਰ ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ਼ਤਰ ਦੇ 03 ਵਿਅਕਤੀ ਗ੍ਰਿਫਤਾਰ

ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼

ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ

ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ : ਜ਼ਿਲ੍ਹਾ ਚੋਣ ਅਫਸਰ

ਜ਼ਿਲ੍ਹਾ ਐੱਸ.ਏ.ਐਸ. ਨਗਰ ਦੇ ਬੀਜ ਡੀਲਰਾਂ ਦੀ ਚੈਕਿੰਗ  ਦੌਰਾਨ  ਲਏ ਗਏ ਨਮੂਨੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਮੋਹਾਲੀ ਪੁਲਿਸ ਵੱਲੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ ਗ੍ਰਿਫਤਾਰ

ਜਨਰਲ ਆਬਜ਼ਰਵਰ ਨੇ ਸਵੀਪ ਗਤੀਵਿਧੀਆਂ ਦਾ ਜਾਇਜ਼ਾ ਲਿਆ