Saturday, December 13, 2025

Chandigarh

ਕੇਂਦਰ ਸਰਕਾਰ ਪੰਜਾਬ ਨੂੰ ਅਟਲ-ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ: ਚੇਤਨ ਸਿੰਘ ਜੌੜਾਮਾਜਰਾ

January 31, 2024 04:21 PM
SehajTimes
ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕੇਂਦਰ ਸਰਕਾਰ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਧਰਤੀ ਹੇਠਲੇ ਪਾਣੀ ਦੇ ਨਿਰੰਤਰ ਘਟਣ ਕਾਰਨ ਚਿੰਤਾਜਨਕ ਸਥਿਤੀ ਵੱਲ ਵਧ ਰਹੇ ਪੰਜਾਬ ਸੂਬੇ ਨੂੰ ਅਟਲ-ਭੂ ਜਲ ਯੋਜਨਾ ਵਿੱਚ ਸ਼ਾਮਲ ਕਰੇ। ਉਨ੍ਹਾਂ ਅਫ਼ਸੋਸ ਜਤਾਇਆ ਕਿ ਸੂਬਾ ਸਰਕਾਰ ਵੱਲੋਂ ਨਿਰੰਤਰ ਪੱਤਰ-ਵਿਹਾਰ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਰੋਕਣ ਅਤੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਸਬੰਧੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵਿਚਾਰ-ਵਟਾਂਦਰੇ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ ਪਰ ਕੇਂਦਰ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
 
 
ਉਨ੍ਹਾਂ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੱਧਰ 'ਤੇ ਵੀ ਕੇਂਦਰ ਸਰਕਾਰ ਕੋਲ ਸੂਬੇ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਟਲ -ਭੂ-ਜਲ ਯੋਜਨਾ ਤਹਿਤ ਉਨ੍ਹਾਂ ਸੂਬਿਆਂ ਦੀ ਮਦਦ ਕੀਤੀ ਜਾਣੀ ਸੀ, ਜਿੱਥੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਗੰਭੀਰ ਹੈ ਪਰ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਨਾਲ ਮਤਰੇਈ ਮਾਂ ਦਾ ਸਲੂਕ ਕਰਦਿਆਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਯੋਜਨਾ ਵਿੱਚ ਸ਼ਾਮਲ ਹੀ ਨਹੀਂ ਕੀਤਾ ਜਦਕਿ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਨਿਰੰਤਰ ਘਟਦਾ ਜਾ ਰਿਹਾ ਹੈ। ਇਸੇ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਲ ਸਰੋਤਾਂ ਬਾਰੇ ਬਣੀ ਸੰਸਦੀ ਕਮੇਟੀ ਵਿੱਚ ਉਹ ਮੈਂਬਰ ਹੋਣ ਦੇ ਨਾਤੇ ਇਸ ਸਕੀਮ ਤਹਿਤ ਪੰਜਾਬ ਨੂੰ ਬਾਹਰ ਰੱਖੇ ਜਾਣ ਦਾ ਪਹਿਲਾਂ ਵੀ ਸਖ਼ਤ ਇਤਰਾਜ਼ ਜਤਾ ਚੁੱਕੇ ਹਨ ਅਤੇ ਪੰਜਾਬ ਨੂੰ ਇਸ ਯੋਜਨਾ ਵਿੱਚ ਸ਼ਾਮਿਲ ਕਰਨ ਲਈ ਲਿਖ ਵੀ ਚੁੱਕੇ ਹਨ।
 
 
ਸੰਤ ਸੀਚੇਵਾਲ ਵੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ 'ਤੇ ਪੱਕੀ ਸੜਕ ਬਣਾਉਣ ਦੀ ਮੰਗ ਬਾਰੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਤੁਰੰਤ ਪੰਜਾਬ ਮੰਡੀ ਬੋਰਡ ਨਾਲ ਰਾਬਤਾ ਕਰਨ ਤਾਂ ਜੋ ਸੜਕ ਬਣਾਉਣ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਦਰਿਆ ਕਿਨਾਰੇ ਸੜਕ ਬਣਨ ਨਾਲ ਧੁੱਸੀ ਬੰਨ੍ਹ ਨੂੰ ਮਜ਼ਬੂਤੀ ਮਿਲੇਗੀ ਅਤੇ ਹੜ੍ਹਾਂ ਦੌਰਾਨ ਪਾੜ ਪੈਣ ਦੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਵੇਗੀ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਦਰਿਆਵਾਂ ਅਤੇ ਪੁਲਾਂ ਹੇਠ ਸਫ਼ਾਈ ਯਕੀਨੀ ਬਣਾਉਣ ਤਾਂ ਜੋ ਦਰਿਆ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਬਰਸਾਤਾਂ ਦੇ ਸਮੇਂ ਵਿੱਚ 6 ਮਹੀਨੇ ਦਾ ਸਮਾਂ ਰਹਿ ਗਿਆ ਹੈ ਤਾਂ ਇਹ ਜ਼ਰੂਰੀ ਹੈ ਕਿ ਸਫ਼ਾਈ ਦੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਚੀਫ਼ ਇੰਜੀਨੀਅਰ (ਡਰੇਨੇਜ) ਸ੍ਰੀ ਹਰਦੀਪ ਸਿੰਘ ਮਹਿੰਦੀਰੱਤਾ, ਚੀਫ਼ ਇੰਜੀਨੀਅਰ (ਨਹਿਰਾਂ) ਸ੍ਰੀ ਸ਼ੇਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Have something to say? Post your comment

 

More in Chandigarh

ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘੋਸ਼ਿਤ

'ਯੁੱਧ ਨਸ਼ਿਆਂ ਵਿਰੁੱਧ’ ਦੇ 284ਵੇਂ ਦਿਨ ਪੰਜਾਬ ਪੁਲਿਸ ਵੱਲੋਂ 4 ਕਿਲੋ ਆਈਸੀਈ ਅਤੇ 1.7 ਕਿਲੋ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਆਪਰੇਸ਼ਨ ਸੀਲ-23: ਪੰਜਾਬ ਵਿੱਚ ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਪੈਣੀ ਨਜ਼ਰ ਰੱਖਣ ਲਈ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ; 3 ਗ੍ਰਿਫ਼ਤਾਰ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

'ਯੁੱਧ ਨਸ਼ਿਆਂ ਵਿਰੁੱਧ': 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ

ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋਇਆ ਮੁਕੰਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ