ਅੰਮ੍ਰਿਤਸਰ : ਸ਼ੇਰ–ਏ–ਪੰਜਾਬ T-20 ਲੀਗ ਦੇ ਤੀਜੇ ਸੀਜ਼ਨ ਦਾ ਖ਼ਿਤਾਬ ਆਪਣੇ ਨਾਂਅ ਕਰਨ ਤੋਂ ਬਾਅਦ ‘ਅੰਮ੍ਰਿਤਸਰ ਸੂਰਮਾਜ਼’ ਦੀ ਸਮੁੱਚੀ ਟੀਮ ਵੱਲੋਂ ਅੱਜ ਇੱਥੋਂ ਦੇ ਗਾਂਧੀ ਗ੍ਰਾਊਂਡ 'ਚ ਪਹਿਲੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਅੰਕੁਰ ਅਗਰਵਾਲ ਅਤੇ ਅਜੇ ਕਵਾਤਰਾ ਨੇ ਸਮੁੱਚੀ ਟੀਮ, ਕੋਚਿੰਗ ਸਟਾਫ਼, ਸਹਾਇਕ ਸਟਾਫ਼ ਅਤੇ ਹਾਜ਼ਰ ਸਾਰੇ ਮਾਣਯੋਗ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਟੀਮ ਦੀ ਇਤਿਹਾਸਕ ਜਿੱਤ, ਟੂਰਨਾਮੈਂਟ ਵਿੱਚ ਖਿਡਾਰੀਆਂ ਦੇ ਪ੍ਰਦਰਸ਼ਨ ਅਤੇ ਚੈਂਪੀਅਨਸ਼ਿਪ ਤੱਕ ਦੇ ਸਫ਼ਰ ਬਾਰੇ ਮੀਡੀਆ ਨਾਲ ਵਿਸਥਾਰ ਵਿੱਚ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਅੰਮ੍ਰਿਤਸਰ – ਦੱਖਣੀ ਹਲਕੇ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੇ ਮੇਅਰ ਸ. ਜਤਿੰਦਰ ਸਿੰਘ ਮੋਤੀ ਭਾਟੀਆ, ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ ਦੇ ਸ੍ਰੀ ਸੌਰਵ, ਏਜੀਏ ਸ੍ਰੀ ਸਾਗਰ, ਅੰਮ੍ਰਿਤਸਰ–II ਦੇ ਐਸਡੀਐਮ ਸ. ਗੁਰਮੰਦਰ ਸਿੰਘ, ਟੀਮ ਦੇ ਮਾਲਕ ਡਾ. ਸ਼ਾਹਬਾਜ਼ ਸਿੰਘ, ਟੀਮ ਦੇ ਮਾਲਕ ਸ੍ਰੀ ਅੰਕੁਰ ਅਗਰਵਾਲ, ਅਟਾਰੀ ਦੇ ਵਿਧਾਇਕ ਸ. ਜਸਵਿੰਦਰ ਸਿੰਘ, ਟੀਮ ਦੇ ਕੋਚ ਸ੍ਰੀ ਸ੍ਰੀ ਸੰਦੀਪ ਸਾਂਵਲ, ਟੀਮ ਦੇ ਕੋਚ ਸ੍ਰੀ ਮਨੀਸ਼ ਸ਼ਰਮਾ ਅਤੇ ਟੀਮ ਮੈਨੇਜਰ ਸ੍ਰੀ ਲਵਲੀ ਅਰੋੜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦਿਆਂ ਸਮੇਤ ਕਈ ਪਤਵੰਤੇ ਸੱਜਣ ਮੌਜੂਦ ਸਨ। ਇਸ ਮੌਕੇ ਦੱਸਿਆ ਗਿਆ ਕਿ ਅੰਮ੍ਰਿਤਸਰ ਗੇਮਜ਼ ਐਸੋਸੀਏਸ਼ਨ (AGA) ਦਾ ਆਲ੍ਹਾ ਦਰਜੇ ਦੇ ਖਿਡਾਰੀ ਤਿਆਰ ਕਰਵਾਉਣ ਵਿੱਚ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਅਭਿਸ਼ੇਕ ਸ਼ਰਮਾ, ਰਾਹੁਲ ਕੁਮਾਰ, ਜੈ ਪ੍ਰਤਾਪ ਜੌਹਲ ਅਤੇ ਅਭੈ ਚੌਧਰੀ ਜਿਹੇ ਖਿਡਾਰੀ ਇਸ AGA ਦੀ ਹੀ ਦੇਣ ਹਨ। ਟੀਮ ਦੇ ਮਾਲਕਾਂ ਡਾ. ਸ਼ਾਹਬਾਜ਼ ਸਿੰਘ, ਅੰਕੁਰ ਅਗਰਵਾਲ ਅਤੇ ਅਜੇ ਕਵਾਤਰਾ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦੀ ਇਹ ਜਿੱਤ ਸਿਰਫ਼ ਇੱਕ ਕ੍ਰਿਕੇਟ ਟੀਮ ਦੀ ਜਿੱਤ ਨਹੀਂ ਹੈ, ਸਗੋਂ ਇਹ ਪੂਰੇ ਅੰਮ੍ਰਿਤਸਰ ਸ਼ਹਿਰ ਲਈ ਮਾਣ ਵਾਲਾ ਛਿਣ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਧਾਰਮਿਕ ਅਤੇ ਇਤਿਹਾਸਕ ਖੇਤਰ ਵਿੱਚ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਹੁਣ ਖੇਡਾਂ ਦੇ ਖੇਤਰ ਵਿੱਚ ਵੀ ਸ਼ਹਿਰ ਦਾ ਨਾਮ ਹੋਰ ਉੱਚਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਮਾਣ ਹੈ ਕਿ 'ਅਭਿਸ਼ੇਕ ਸ਼ਰਮਾ ਹੁਣ ਸਮੁੱਚੇ ਵਿਸ਼ਵ ਦੇ ਨੰਬਰ–ਵਨ ਟੀ–20 ਖਿਡਾਰੀ ਹਨ। ਉਨ੍ਹਾਂ ਦੇ ਨਾਂਅ ਟੀਮ–ਇੰਡੀਆ ਵੱਲੋਂ ਸਭ ਤੋਂ ਤੇਜ਼ ਰਫ਼ਤਾਰ ਸੈਂਕੜਾ ਬਣਾਉਣ ਦਾ ਰਿਕਾਰਡ ਵੀ ਦਰਜ ਹੈ। ਉਨ੍ਹਾਂ ਦੇ ਪਿਤਾ ਸ੍ਰੀ ਰਾਜਕੁਮਾਰ ਸ਼ਰਮਾ ਨੇ ਜਿਸ ਤਰ੍ਹਾਂ ਅਭਿਸ਼ੇਕ ਦਾ ਮਾਰਗ–ਦਰਸ਼ਨ ਕੀਤਾ ਹੈ, ਉਹ ਵੀ ਖ਼ਾਸ ਤੌਰ ਉਤੇ ਵਰਣਨਯੋਗ ਹੈ। ਸਾਨੂੰ ਇਸ ਤੱਥ ਉਤੇ ਵੀ ਮਾਣ ਹੈ ਕਿ 'ਅੰਮ੍ਰਿਤਸਰ ਸੂਰਮਾਜ਼' ਟੀਮ ਦੇ ਨਮਨ ਧੀਰ ਨੂੰ ਟੀਮ ਇੰਡੀਆ ਵਿੱਚ ਚੁਣੇ ਜਾਣ ਦਾ ਸੁਭਾਗ ਹਾਸਲ ਹੋਇਆ ਹੈ।' ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਮਨ ਧੀਰ ਨੂੰ 'ਪਲੇਅਰ ਆਫ਼ ਦਿ ਸੀਰੀਜ਼' ਚੁਣਿਆ ਗਿਆ। ਨਮਨ ਧੀਰ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਟੀਮ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਖਾਸ ਕਰਕੇ ਸੈਮੀਫ਼ਾਈਨਲ ਵਿੱਚ ਉਨ੍ਹਾਂ ਦੀ ਧਮਾਕੇਦਾਰ ਪਾਰੀ ਨੇ ਅੰਮ੍ਰਿਤਸਰ ਸੂਰਮਾਜ਼ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਟੀਮ ਪ੍ਰਬੰਧਨ ਨੇ ਨਮਨ ਧੀਰ ਨੂੰ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ। ਟੀਮ ਪ੍ਰਬੰਧਨ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦੀ ਇਸ ਸਫ਼ਲਤਾ ਪਿੱਛੇ ਖਿਡਾਰੀਆਂ ਦੀ ਮਿਹਨਤ ਦੇ ਨਾਲ-ਨਾਲ ਕੋਚਿੰਗ ਸਟਾਫ਼, ਸਹਾਇਕ ਸਟਾਫ਼, ਟੀਮ ਪ੍ਰਬੰਧਨ ਅਤੇ ਹਰ ਉਸ ਵਿਅਕਤੀ ਦਾ ਯੋਗਦਾਨ ਹੈ ਜਿਸ ਨੇ ਟੀਮ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ। ਇਸ ਸਾਲ ਦੀ ਸ਼ੇਰ–ਏ–ਪੰਜਾਬ T-20 ਲੀਗ 30 ਅਗਸਤ ਤੋਂ 13 ਸਤੰਬਰ ਤੱਕ ਕਰਵਾਈ ਗਈ। ਇਸ ਤੀਜੇ ਸੀਜ਼ਨ ਵਿੱਚ ਕੁੱਲ 27 ਮੈਚ ਖੇਡੇ ਗਏ, ਜਿਨ੍ਹਾਂ ਵਿੱਚ ਲੀਗ ਪੜਾਅ ਤੋਂ ਬਾਅਦ ਦੋ ਸੈਮੀਫ਼ਾਈਨਲ ਅਤੇ ਫ਼ਾਈਨਲ ਮੁਕਾਬਲਾ ਸ਼ਾਮਲ ਸੀ। ਇਸ ਪੂਰੀ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਕ੍ਰਿਕੇਟ ਐਸੋਸੀਏਸ਼ਨ (PCA) ਵੱਲੋਂ ਕੀਤਾ ਗਿਆ ਅਤੇ ਸਾਰੇ ਮੈਚ ਆਈ.ਐੱਸ. ਬਿੰਦਰਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ, ਮੋਹਾਲੀ ਵਿਖੇ ਖੇਡੇ ਗਏ। ਲੀਗ ਵਿੱਚ ਪੰਜਾਬ ਦੇ ਛੇ ਸ਼ਹਿਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਛੇ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ: ਅੰਮ੍ਰਿਤਸਰ ਸੂਰਮਾਜ਼, ਬਠਿੰਡਾ ਰਾਇਲਜ਼, ਫਾਜ਼ਿਲਕਾ ਫਾਲਕਨਜ਼, ਜਲੰਧਰ ਵਾਰੀਅਰਜ਼, ਲੁਧਿਆਣਾ ਲਾਇਨਜ਼ ਅਤੇ ਮੋਹਾਲੀ ਕਿੰਗਜ਼। ਲੀਗ ਦਾ ਮਕਸਦ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਨੂੰ ਇੱਕ ਪੇਸ਼ੇਵਰ ਮੰਚ ਦੇਣਾ ਅਤੇ ਉਨ੍ਹਾਂ ਨੂੰ ਤਜਰਬੇਕਾਰ ਤੇ ਸਥਾਪਤ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਦੇਣਾ ਵੀ ਸੀ। ਅੰਮ੍ਰਿਤਸਰ ਸੂਰਮਾਜ਼ ਨੇ ਫਾਈਨਲ ਵਿੱਚ ਲੁਧਿਆਣਾ ਲਾਇਨਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਲੁਧਿਆਣਾ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 142 ਦੌੜਾਂ ਬਣਾਈਆਂ। ਅੰਮ੍ਰਿਤਸਰ ਸੂਰਮਾਜ਼ ਨੇ ਜਵਾਬ ਵਿੱਚ 16.4 ਓਵਰਾਂ ਵਿੱਚ 2 ਵਿਕਟਾਂ ’ਤੇ 144 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਫਾਈਨਲ ਵਿੱਚ ਮਯੰਕ ਮਾਰਕੰਡੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 17 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਅਤੇ ਉਸ ਨੂੰ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ। ਬੱਲੇਬਾਜ਼ੀ ਵਿੱਚ ਸਹਿਜ ਧਵਨ ਨੇ ਨਾਬਾਦ 63 ਦੌੜਾਂ ਬਣਾਈਆਂ, ਜਦਕਿ ਰਾਹੁਲ ਕੁਮਾਰ ਨੇ ਨਾਬਾਦ 42 ਦੌੜਾਂ ਬਣਾਈਆਂ। ਕਪਤਾਨ ਨਮਨ ਧੀਰ ਨੇ ਵੀ ਤੇਜ਼ 29 ਦੌੜਾਂ ਦੀ ਪਾਰੀ ਖੇਡੀ। ਟੀਮ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਸੂਰਮਾਜ਼ ਨਾਲ ਜੁੜੇ ਦੋ ਪ੍ਰਮੁੱਖ ਖਿਡਾਰੀ ਅਭਿਸ਼ੇਕ ਸ਼ਰਮਾ ਅਤੇ ਨਮਨ ਧੀਰ ਹੁਣ ਭਾਰਤ ਦੀ ਸੀਨੀਅਰ ਟੀਮ ਵਿੱਚ ਸ਼ਾਮਲ ਹਨ। ਅਭਿਸ਼ੇਕ ਸ਼ਰਮਾ ਭਾਰਤ ਦੀ T20 ਟੀਮ ਦਾ ਹਿੱਸਾ ਪਹਿਲਾਂ ਤੋਂ ਹੀ ਹਨ, ਜਦਕਿ ਨਮਨ ਧੀਰ ਨੂੰ ਵੈਸਟ ਇੰਡੀਜ਼ ਵਿਰੁੱਧ ਆਉਣ ਵਾਲੀ ਤਿੰਨ ਮੈਚਾਂ ਦੀ ODI ਸੀਰੀਜ਼ ਲਈ ਭਾਰਤ ਦੀ ਸੀਨੀਅਰ ਟੀਮ ਵਿੱਚ ਪਹਿਲੀ ਵਾਰ ਚੁਣਿਆ ਗਿਆ ਹੈ। ਟੀਮ ਪ੍ਰਬੰਧਨ ਨੇ ਕਿਹਾ ਕਿ ਇਹ ਗੱਲ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਅਤੇ ਜੇ ਨੌਜਵਾਨਾਂ ਨੂੰ ਸਹੀ ਮੰਚ ਮਿਲੇ ਤਾਂ ਉਹ ਕੌਮੀ ਪੱਧਰ ਤੱਕ ਪਹੁੰਚ ਸਕਦੇ ਹਨ। ਸ਼ੇਰ–ਏ–ਪੰਜਾਬ T-20 ਲੀਗ ਦੇ ਇਸ ਸੀਜ਼ਨ ਵਿੱਚ ਅੰਮ੍ਰਿਤਸਰ ਸੂਰਮਾਜ਼ ਦੇ ਸਕੁਐਡ ਵਿੱਚ ਇਹ ਖਿਡਾਰੀ ਸ਼ਾਮਲ ਰਹੇ: ਅਭਿਸ਼ੇਕ ਸ਼ਰਮਾ (ਕਪਤਾਨ), ਮਯੰਕ ਮਾਰਕੰਡੇ, ਨਮਨ ਧੀਰ, ਰਾਹੁਲ ਕੁਮਾਰ, ਸਾਹਿਲ ਖ਼ਾਨ, ਜਸ਼ਨਪ੍ਰੀਤ ਸਿੱਧੂ, ਸਹਿਜ ਧਵਨ, ਅਭੈ ਚੌਧਰੀ, ਧਰੁਵ ਰਾਹੁਲ ਜਿੰਦਲ, ਰੇਵਾਨ ਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਈਸ਼ਾਨ ਸੂਦ, ਅਧਿਰਾਜ ਸਿੰਘ ਮਾਂਗਟ, ਧਰੁਵ ਭਗਾਨੀਆ, ਸ਼ੁਭਮ ਰਾਣਾ, ਇਸ਼ਮੀਤ ਸਿੰਘ ਸੰਧੂ, ਨਵਨੀਤ ਵਿਰਕ, ਆਕਾਸ਼ ਪਾਂਡੇ, ਵੈਭਵ ਕਾਲਰਾ, ਜੈਪ੍ਰਤਾਪ ਸਿੰਘ ਜੌਹਲ, ਦੀਪਿਨ ਚਿਤਕਾਰਾ। ਟੀਮ ਮੈਨੇਜਮੈਂਟ ਨੇ ਕਿਹਾ ਕਿ ਇਨ੍ਹਾਂ ਸਾਰੇ ਖਿਡਾਰੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਟੀਮ ਦੀ ਮੁਹਿੰਮ ਨੂੰ ਮਜ਼ਬੂਤ ਕੀਤਾ ਅਤੇ ਚੈਂਪੀਅਨ ਬਣਨ ਵਿੱਚ ਯੋਗਦਾਨ ਪਾਇਆ। ਸ਼ੇਰ–ਏ–ਪੰਜਾਬ T-20 ਲੀਗ ਪੰਜਾਬ ਕ੍ਰਿਕੇਟ ਐਸੋਸੀਏਸ਼ਨ (PCA) ਵੱਲੋਂ ਕਰਵਾਈ ਗਈ। PCA ਪੰਜਾਬ ਵਿੱਚ ਕ੍ਰਿਕੇਟ ਦੇ ਵਿਕਾਸ, ਜ਼ਿਲ੍ਹਾ ਪੱਧਰ ਤੋਂ ਪ੍ਰਤਿਭਾ ਨੂੰ ਅੱਗੇ ਲਿਆਉਣ ਅਤੇ ਉੱਚ ਪੱਧਰੀ ਮੁਕਾਬਲੇ ਕਰਵਾਉਣ ਲਈ ਕੰਮ ਕਰਦੀ ਹੈ। PCA ਦਰਅਸਲ BCCI ਨਾਲ ਸੰਬੰਧਤ ਰਾਜ ਕ੍ਰਿਕੇਟ ਇਕਾਈ ਹੈ। ਇਸ ਲੀਗ ਨੂੰ ਪੰਜਾਬ ਵਿੱਚ ਪੇਸ਼ੇਵਰ ਪੱਧਰ ’ਤੇ ਅੱਗੇ ਵਧਾਉਣ ਲਈ BCCI ਨਾਲ ਜੁੜੇ ਕ੍ਰਿਕੇਟ ਢਾਂਚੇ ਅਤੇ ਮਾਨਤਾ ਦਾ ਵੀ ਮਹੱਤਵਪੂਰਨ ਸੰਦਰਭ ਰਿਹਾ ਹੈ। ਲੀਗ ਦਾ ਉਦੇਸ਼ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਅਜਿਹਾ ਮੰਚ ਦੇਣਾ ਹੈ, ਜਿੱਥੇ ਉਹ ਸਥਾਪਤ ਅਤੇ ਕੌਮੀ ਪੱਧਰ ਦੇ ਖਿਡਾਰੀਆਂ ਨਾਲ ਖੇਡ ਕੇ ਆਪਣੀ ਪ੍ਰਤਿਭਾ ਸਾਬਤ ਕਰ ਸਕਣ। ਟੀਮ ਪ੍ਰਬੰਧਨ ਨੇ ਇਸ ਮੌਕੇ PCA ਅਤੇ ਕ੍ਰਿਕੇਟ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਲੀਗਾਂ ਪੰਜਾਬ ਦੇ ਕ੍ਰਿਕੇਟ ਦੇ ਭਵਿੱਖ ਲਈ ਮਹੱਤਵਪੂਰਨ ਹਨ। ਟੀਮ ਦੇ ਮਾਲਕਾਂ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦਾ ਟੀਚਾ ਸਿਰਫ਼ ਇੱਕ ਖ਼ਿਤਾਬ ਜਿੱਤਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਉਦੇਸ਼ ਅੰਮ੍ਰਿਤਸਰ ਅਤੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਵਧੀਆ ਮੰਚ ਦੇਣਾ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਅਤੇ ਅੰਮ੍ਰਿਤਸਰ ਨੂੰ ਕ੍ਰਿਕੇਟ ਦੇ ਖੇਤਰ ਵਿੱਚ ਹੋਰ ਮਜ਼ਬੂਤ ਪਛਾਣ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਟੀਮ ਨੂੰ ਪੂਰੇ ਟੂਰਨਾਮੈਂਟ ਦੌਰਾਨ ਅੰਮ੍ਰਿਤਸਰ ਅਤੇ ਪੰਜਾਬ ਦੇ ਕ੍ਰਿਕੇਟ ਪ੍ਰੇਮੀਆਂ ਵੱਲੋਂ ਮਿਲੇ ਪਿਆਰ ਅਤੇ ਸਮਰਥਨ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਟੀਮ ਮਾਲਕਾਂ ਨੇ ਅੰਮ੍ਰਿਤਸਰ ਅਤੇ ਪੰਜਾਬ ਦੇ ਸਾਰੇ ਕ੍ਰਿਕੇਟ ਪ੍ਰੇਮੀਆਂ, ਸਮਰਥਕਾਂ ਅਤੇ ਮੀਡੀਆ ਦਾ ਵਿਸ਼ੇਸ਼ ਧੰਨਵਾਦ ਕੀਤਾ। ਟੀਮ ਪ੍ਰਬੰਧਕਾਂ ਨੇ ਕਿਹਾ ਕਿ ਅੰਮ੍ਰਿਤਸਰ ਸੂਰਮਾਜ਼ ਦੀ ਇਹ ਇਤਿਹਾਸਕ ਜਿੱਤ ਉਨ੍ਹਾਂ ਸਾਰੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਟੀਮ ਦਾ ਹੌਸਲਾ ਵਧਾਇਆ ਅਤੇ ਟੀਮ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਚੈਂਪੀਅਨ ਬਣਨ ਨਾਲ ਅੰਮ੍ਰਿਤਸਰ ਦੇ ਨੌਜਵਾਨਾਂ ਵਿੱਚ ਕ੍ਰਿਕੇਟ ਪ੍ਰਤੀ ਹੋਰ ਉਤਸ਼ਾਹ ਪੈਦਾ ਹੋਵੇਗਾ ਅਤੇ ਸ਼ਹਿਰ ਤੋਂ ਹੋਰ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਪ੍ਰੇਰਿਤ ਹੋਣਗੇ। ‘ਅੰਮ੍ਰਿਤਸਰ ਸੂਰਮਾਜ਼’ ਦੀ ਇਹ ਇਤਿਹਾਸਕ ਜਿੱਤ ਸ਼ੇਰ–ਏ–ਪੰਜਾਬ T-20 ਲੀਗ ਦੇ ਤੀਜੇ ਸੀਜ਼ਨ ਨੂੰ ਯਾਦਗਾਰ ਬਣਾਉਂਦੀ ਹੈ ਅਤੇ ਅੰਮ੍ਰਿਤਸਰ ਦੀ ਖੇਡ ਪਛਾਣ ਵਿੱਚ ਇੱਕ ਹੋਰ ਮਾਣਮੱਤਾ ਅਧਿਆਇ ਜੋੜਦੀ ਹੈ। ਟੀਮ ਪ੍ਰਬੰਧਨ ਵੱਲੋਂ ਇਸ ਮੌਕੇ ਮੀਡੀਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਸ ਨੇ ਪੂਰੇ ਟੂਰਨਾਮੈਂਟ ਦੌਰਾਨ ਅੰਮ੍ਰਿਤਸਰ ਸੂਰਮਾਜ਼ ਦੀਆਂ ਖੇਡ ਗਤੀਵਿਧੀਆਂ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦਰਸ਼ਕਾਂ, ਪਾਠਕਾਂ ਅਤੇ ਸਰੋਤਿਆਂ ਤੱਕ ਪਹੁੰਚਾਇਆ। ਪ੍ਰੈੱਸ ਕਾਨਫ਼ਰੰਸ ਉਪਰੰਤ ਮੀਡੀਆ ਦੇ ਸਤਿਕਾਰਯੋਗ ਸਾਥੀਆਂ ਲਈ ਲੰਚ, ਚਾਹ ਅਤੇ ਕੌਫ਼ੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। 'ਅੰਮ੍ਰਿਤਸਰ ਸੂਰਮਾਜ਼' ਦੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸ. ਇੰਦਰਬੀਰ ਸਿੰਘ ਨਿੱਝਰ ਅਤੇ ਹੋਰ ਪਤਵੰਤੇ ਮਹਿਮਾਨਾਂ ਨੇ ਮਹਿਮਾਨਾਂ ਨੇ ਯਾਦਗਾਰੀ ਚਿੰਨ੍ਹ ਅਤੇ ਐਪਲ ਦੇ ਆਈਪੈਡਜ਼ ਭੇਟ ਕਰ ਕੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਸਤਿਕਾਰਯੋਗ ਮਹਿਮਾਨਾਂ ਨੂੰ 'ਅੰਮ੍ਰਿਤਸਰ ਸੂਰਮਾਜ਼' ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।