Thursday, May 16, 2024

Chandigarh

ਧਮਕੀਆਂ ਮੈਨੂੰ ਲੋਕਾਂ ਦੀ ਸੇਵਾ ਕਰਨੋਂ ਨਹੀਂ ਰੋਕ ਸਕਦੀਆਂ : ਮੁੱਖ ਮੰਤਰੀ

January 17, 2024 07:01 PM
SehajTimes

ਚੰਡੀਗੜ੍ਹ : ਕੁੱਝ ਕੱਟੜਪੰਥੀ ਤਾਕਤਾਂ ਵੱਲੋਂ ਦਿੱਤੀ ਜਾ ਰਹੀ ਜਾਨੋਂ ਮਾਰਨ ਦੀ ਧਮਕੀ ਤੋਂ ਨਿਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਰਖਵਾਲੇ ਹਨ ਅਤੇ ਅਜਿਹੀਆਂ ਧਮਕੀਆਂ ਉਨ੍ਹਾਂ ਨੂੰ ਇਸ ਨੇਕ ਕੰਮ ਤੋਂ ਨਹੀਂ ਰੋਕ ਸਕਦੀਆਂ। ਇੱਥੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਰੋਹ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਮਕੀਆਂ ਸੂਬਾ ਸਰਕਾਰ ਵੱਲੋਂ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਪਣਾਈ ਗਈ ਨੀਤੀ ਦਾ ਕੁਦਰਤੀ ਨਤੀਜਾ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੀ ਸਰਕਾਰ ਇਨ੍ਹਾਂ ਫੁੱਟ ਪਾਊ ਤਾਕਤਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਤੇ ਸੂਬੇ ਦੇ ਅੰਦਰੋਂ ਅਤੇ ਬਾਹਰੋਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਬਿਨਾ ਝੁਕੇ ਅਜਿਹੀਆਂ ਧਮਕੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪੰਜਾਬ ਵਿਰੋਧੀ ਮਨਸੂਬਿਆਂ ਦੇ ਮੁੱਖ ਸਾਜਿਸ਼ ਘਾੜੇ ਵਿਦੇਸ਼ਾਂ ਵਿੱਚ ਪਨਾਹ ਲੈ ਚੁੱਕੇ ਹਨ ਪਰ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਖੌਫਨਾਕ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਵੀ ਵਿਸ਼ਵ ਸ਼ਾਂਤੀ ਦੇ ਵਡੇਰੇ ਹਿੱਤ ਵਿੱਚ ਇਨ੍ਹਾਂ ਕੱਟੜ ਅਪਰਾਧੀਆਂ ਨੂੰ ਸੂਬੇ ਵਿੱਚ ਵਾਪਸ ਭੇਜਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਘਿਨਾਉਣੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆ ਕੇ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਈਆਂ ਜਾਣ।

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ 'ਭਗੌੜਾ' ਕਰਾਰ ਦਿੱਤਾ, ਜੋ ਬਿਜਲੀ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੇ ਜਾਣ 'ਤੇ ਡਿਊਟੀ ਨਿਭਾਉਣ ਤੋਂ ਭੱਜ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬਾ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਉਲਟਾ ਰੁਝਾਨ ਸ਼ੁਰੂ ਕਰ ਦਿੱਤਾ ਹੈ ਤਾਂ ਸਿੱਧੂ ਬੇਬੁਨਿਆਦ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਾਂਗਰਸੀ ਆਗੂ ਨੂੰ ਯਾਦ ਦਿਵਾਇਆ ਕਿ ‘ਥੋੜ੍ਹਾ ਗਿਆਨ ਖ਼ਤਰਨਾਕ ਹੈ’ ਅਤੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਆਉਣ ਵਾਲੀਆਂ ਆਮ ਚੋਣਾਂ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਸਾਡੀ ਝੋਲੀ ਪਾ ਕੇ ਹੋਰਾਂ ਲਈ ਇਕ ਚਾਨਣ ਮੁਨਾਰਾ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ, ਇਸ ਲਈ ਜਨਤਾ ਇਕ ਵਾਰ ਫਿਰ ਸਾਡੇ ਨਾਲ ਖੜ੍ਹੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 13-0 ਨਾਲ ਹੂੰਝਾ ਫੇਰ ਜਿੱਤ ਹਾਸਲ ਕਰਕੇ ਸੂਬੇ ਵਿਚ ਇਤਿਹਾਸ ਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ 13 ਸੀਟਾਂ 'ਤੇ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ਵਿਚ ਫਤਵਾ ਆਵੇਗਾ ਅਤੇ ਵਿਰੋਧੀ ਧਿਰ ਦੇ ਪੰਜਾਬ ਵਿਰੋਧੀ ਸਟੈਂਡ ਨੂੰ ਲੋਕ ਬੁਰੀ ਤਰ੍ਹਾਂ ਤਿਆਗ ਦੇਣਗੇ।

Have something to say? Post your comment

 

More in Chandigarh

ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੁਲਿਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਤਾਇਨਾਤ

ਧਾਰਮਿਕ ਸਥਾਨਾਂ ਦੀ ਕਿਸੇ ਵੀ ਤਰ੍ਹਾਂ ਚੋਣ ਪ੍ਰਚਾਰ ਦੇ ਮੰਚ ਵਜੋਂ ਵਰਤੋਂ ਨਾ ਕੀਤੀ ਜਾਵੇ: ਡੀ ਸੀ ਆਸ਼ਿਕਾ ਜੈਨ

ਪੰਜਾਬ ਵਿੱਚ ਕੁੱਲ 598 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ

ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕੀਤੇ ਕਾਬੂ 

ਕੇ.ਵਾਈ.ਸੀ ਐਪ ਰਾਹੀਂ ਪੰਜਾਬ ਦੇ ਕਿਸੇ ਵੀ ਉਮੀਦਵਾਰ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ : ਸਿਬਿਨ ਸੀ 

ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚੀ ਜਾਰੀ: ਸਿਬਿਨ ਸੀ  

ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ

ਚੰਡੀਗੜ੍ਹ ਦੀ ਹੱਦ ਨਾਲ ਲੱਗਦੀਆਂ ਨਾਜਾਇਜ਼ ਉਸਾਰੀਆਂ 'ਤੇ ਮੋਹਾਲੀ ਪ੍ਰਸ਼ਾਸਨ ਸਖ਼ਤ ਹੋਇਆ

ਛੋਟਾ ਥਾਣੇਦਾਰ ਵੱਢੀ ਲੈਂਦਾ ਰੰਗੇ ਹੱਥੀਂ ਕਾਬੂ

ਮੋਹਾਲੀ ਦੀ ਦਿਸ਼ਾ ਨੇ MBBS ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਪਹਿਲਾ ਦਾ ਸਥਾਨ ਹਾਸਲ ਕੀਤਾ