Wednesday, December 17, 2025

Malwa

ਪੰਜਾਬ 'ਚ ਵਿਰੋਧੀ ਪਾਰਟੀਆਂ ਦਾ ਪੱਤਾ ਸਾਫ਼ : ਚੇਤਨ ਸਿੰਘ ਜੌੜਾਮਾਜਰਾ

December 18, 2023 03:10 PM
SehajTimes
ਸਮਾਣਾ : ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਿੰਡ ਕਰਹਾਲੀ ਸਾਹਿਬ ਵਿਖੇ ਸੈਂਕੜੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਜੀ ਆਇਆਂ ਨੂੰ ਕਿਹਾ। ਵੱਖ-ਵੱਖ ਪਾਰਟੀਆਂ ਦੇ ਹਮਾਇਤੀਆਂ ਨੂੰ ਆਪ ਪਾਰਟੀ ਵਿੱਚ ਸ਼ਾਮਲ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਹੈ। ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦਾ ਪੱਤਾ ਸਾਫ਼ ਹੋ ਗਿਆ ਹੈ। ਉਨ੍ਹਾਂ ਨੇ ਅਕਾਲੀ ਦਲ ਆਗੂ ਸੁਖਬੀਰ ਬਾਦਲ ਵੱਲੋਂ ਮੰਗੀ ਮੁਆਫ਼ੀ 'ਤੇ ਟਿੱਪਣੀ ਕਰਦਿਆਂ ਤੰਜ ਕਸਿਆ ਕਿ ਡਾਇਨਾਸੋਰ ਤਾਂ ਵਾਪਸ ਆ ਸਕਦੇ ਹਨ ਪਰੰਤੂ ਪੰਜਾਬ 'ਚ ਅਕਾਲੀ ਦਲ ਕਦੇ ਵਾਪਸ ਨਹੀਂ ਆਵੇਗਾ। ਜਦੋਂਕਿ ਕਾਂਗਰਸ ਤੇ ਭਾਜਪਾ ਦਾ ਲੋਕ ਵਿਰੋਧੀ ਚਿਹਰਾ ਤਾਂ ਪਹਿਲਾਂ ਹੀ ਪੰਜਾਬੀਆਂ ਨੇ ਦੇਖ ਲਿਆ ਹੈ।
 
 
ਸੂਚਨਾ ਤੇ ਲੋਕ ਸੰਪਰਕ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਸੂਬਾ ਨਿਵਾਸੀਆਂ ਲਈ 600 ਯੂਨਿਟ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਸਿੱਖਿਆ, ਖੇਡਾਂ ਤੇ ਰੋਜਗਾਰ ਆਦਿ ਗੱਲ ਕੀ ਹਰੇਕ ਵਰਗ ਲਈ ਭਲਾਈ ਸਕੀਮਾਂ ਨਾਲ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ। ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਪ 'ਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓ.ਐਸ.ਡੀ. ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ ਤੇ ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫੌਜੀ, ਸੋਨੂੰ ਥਿੰਦ, ਤੇਜਿੰਦਰ ਘੁਮਾਣ ਕਰਹਾਲੀ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Have something to say? Post your comment