Friday, May 17, 2024

Chandigarh

ਚਾਰ ਰੋਜ਼ਾ ਪੁਸਤਕ ਮੇਲੇ ਦਾ ਦੂਸਰਾ ਦਿਨ

November 22, 2023 02:51 PM
SehajTimes
ਐੱਸ.ਏ.ਐੱਸ.ਨਗਰ :- ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਮਾਹ-2023 ਤਹਿਤ ਨਵੀਂ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਤੇ ਮਾਂ-ਬੋਲੀ ਨਾਲ ਜੋੜਨ ਲਈ ਚਾਰ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਪੁਸਤਕ ਮੇਲੇ ਦੇ ਸਮਾਨਾਂਤਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਰੇ ਵਿਚਾਰ ਚਰਚਾ ਵਿਚ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਸੈਸ਼ਨ ਦੇ ਆਰੰਭ ਵਿਚ ਡਾ. ਦਵਿੰਦਰ ਸਿੰਘ ਬੋਹਾ ਸਮੁੱਚੇ ਸਮਾਗਮ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਪ੍ਰਧਾਨਗੀ ਮੰਡਲ ਅਤੇ ਸ੍ਰੋਤਿਆਂ ਨੂੰ ਜੀ ਆਇਆ ਨੂੰ ਕਿਹਾ ਗਿਆ ।
 
 
ਇਸ ਮੌਕੇ 'ਪੰਜਾਬੀ ਭਾਸ਼ਾ: ਵਿਭਿੰਨ ਸਰੋਕਾਰ' ਵਿਸ਼ੇ 'ਤੇ ਵਿਚਾਰ ਚਰਚਾ ਦੌਰਾਨ ਡਾ. ਸਰਬਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਭਾਸ਼ਾ ਦਾ ਮਸਲਾ ਭਾਵਨਾ ਨਾਲੋਂ ਜਿਆਦਾ ਆਰਥਿਕਤਾ ਦਾ ਮਸਲਾ ਹੈ। ਇਸੇ ਲਈ ਭਾਸ਼ਾ ਦਾ ਵਿਗਿਆਨ, ਸਿੱਖਿਆ ਅਤੇ ਰੁਜ਼ਗਾਰ ਦਾ ਮਾਧਿਅਮ ਬਣਨਾ ਜ਼ਰੂਰੀ ਹੈ। ਡਾ. ਜੋਗਾ ਸਿੰਘ ਵੱਲੋਂ ਪੰਜਾਬੀ ਭਾਸ਼ਾ ਦੀ ਸਮਕਾਲੀ ਸੰਦਰਭ ਵਿਚ ਦਸ਼ਾ ਅਤੇ ਦਿਸ਼ਾ ਦੇ ਬਾਰੇ ਅਹਿਮ ਗੱਲਾਂ ਕੀਤੀਆਂ ਗਈਆਂ। ਡਾ. ਭੀਮਇੰਦਰ ਸਿੰਘ ਵੱਲੋਂ ਆਖਿਆ ਗਿਆ ਕਿ ਸਾਡੀ ਸਖਸ਼ੀਅਤ ਉਸਾਰੀ ’ਚ ਮਾਤ-ਭਾਸ਼ਾ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਪ੍ਰੋ. ਜਲੌਰ ਸਿੰਘ ਖੀਵਾ ਵੱਲੋਂ ਪੰਜਾਬੀ ਭਾਸ਼ਾ ਦੇ ਸੱਭਿਆਚਾਰਕ ਸੰਦਰਭ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਸ਼ਾ ਨੂੰ ਵਿਆਕਰਨ ਨਹੀਂ ਸਗੋਂ ਸਭਿਆਚਾਰਕ ਨਿਰਧਾਰਤ ਕਰਦਾ ਹੈ। ਪ੍ਰੋ. ਸੀ.ਪੀ. ਕੰਬੋਜ ਵੱਲੋਂ ਸਮਕਾਲੀ ਦੌਰ ਵਿਚ ਭਾਸ਼ਾ ਅਤੇ ਤਕਨਾਲੋਜੀ ਬਾਰੇ ਗੱਲ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਸਦਕਾ ਅੱਜ ਪੰਜਾਬੀ ਭਾਸ਼ਾ ਗਲੋਬਲ ਪੱਧਰ ਦੀ ਭਾਸ਼ਾ ਬਣ ਗਈ ਹੈ।
 
 
'ਬਾਲ ਸਾਹਿਤ: ਵਿਭਿੰਨ ਸਰੋਕਾਰ' ਵਿਸ਼ੇ 'ਤੇ ਵਿਚਾਰ ਚਰਚਾ ਦੌਰਾਨ ਕਰਨਲ ਜਸਬੀਰ ਭੁੱਲਰ ਵੱਲੋਂ ਆਖਿਆ ਗਿਆ ਕਿ ਮਾਸੂਮੀਅਤ ਦੇ ਸਿੱਕੇ ਭਾਵੇਂ ਕਾਗਜ਼ ਦੇ ਹੋਣ, ਉਹ ਚੱਲ ਜਾਂਦੇ ਹਨ। ਬਾਲ ਸਾਹਿਤ ਤੁਹਾਡੇ ਅੰਦਰਲੀ ਸਾਦਗੀ ਅਤੇ ਬਾਲ ਨੂੰ ਜਿਊਂਦਾ ਰੱਖਦਾ ਹੈ। ਡਾ. ਮਨਮੋਹਨ ਸਿੰਘ ਦਾਊਂ ਵੱਲੋਂ ਆਖਿਆ ਗਿਆ ਕਿ ਬਾਲ ਸਾਹਿਤ ਦਾ ਰਚੇਤਾ ਹੋਣ ਦੀ ਮੁੱਢਲੀ ਸ਼ਰਤ ਬਾਲ ਮਨੋਵਿਗਿਆਨ ਦੀ ਸਮਝ ਹੈ। ਡਾ. ਸ਼ਿੰਦਰਪਾਲ ਸਿੰਘ ਵੱਲੋਂ ਕਿਹਾ ਗਿਆ ਕਿ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਦੀ ਪਹੁੰਚ ਹੋਣ ਕਰਕੇ ਪੰਜਾਬੀ ਬਾਲ ਸਾਹਿਤਕਾਰਾਂ ਦੇ ਅੱਗੇ ਕਈ ਚੁਣੌਤੀਆਂ ਖੜ੍ਹੀਆਂ ਹਨ। ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਬਾਲ ਰਸਾਲਿਆਂ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਗੱਲ ਕਰਦਿਆਂ ਆਖਿਆ ਗਿਆ ਕਿ ਬਾਲ ਕਹਾਣੀਆਂ ਦੀ ਸਮਕਾਲ ਦੇ ਸੰਦਰਭ ਵਿੱਚ ਪੁਨਰ ਸਿਰਜਣਾ ਸਮੇਂ ਦੀ ਮੁੱਖ ਲੋੜ ਹੈ। ਡਾ. ਕੁਲਦੀਪ ਸਿੰਘ ਦੀਪ ਵੱਲੋਂ ਆਖਿਆ ਗਿਆ ਕਿ ਬੱਚੇ ਸਮਾਜ ਦਾ ਸਰਮਾਇਆ ਹੁੰਦੇ ਹਨ। ਬੱਚਿਆਂ ਦੇ ਹਾਣ ਦੇ ਸਾਹਿਤ ਦੀ ਅਣਹੋਂਦ ਵਿਚ ਬਾਜ਼ਾਰ ਬੱਚੇ ਨੂੰ ਆਪਣੀ ਗ੍ਰਿਫ਼ਤ ਵਿਚ ਲੈਂਦਾ ਹੈ। ਉਰਮਨਦੀਪ ਸਿੰਘ ਵੱਲੋਂ ਪੰਜਾਬੀ ਅੱਖਰਕਾਰੀ ਦੇ ਇਤਿਹਾਸਕ ਸੰਦਰਭ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਮੈਡਮ ਦਿਲਪ੍ਰੀਤ ਚਹਿਲ ਵੱਲੋਂ ਬਾਲ ਮਨੋਵਿਗਿਆਨ ਦੇ ਹਵਾਲੇ ਨਾਲ਼ ਪੰਜਾਬੀ ਅੱਖਰਕਾਰੀ ਅਤੇ ਇਸ ਦੀਆਂ ਭਵਿੱਖੀ ਸੰਭਾਵਨਾਵਾਂ ਬਾਰੇ ਗੱਲ ਕੀਤੀ ਗਈ।
 
 
 'ਪੰਜਾਬੀ ਗਲਪ : ਵਿਭਿੰਨ ਸਰੋਕਾਰ' ਵਿਸ਼ੇ 'ਤੇ ਬਲਦੇਵ ਸੜਕਨਾਮਾ ਵੱਲੋਂ ਸਾਹਿਤ ਨੂੰ ਦਲਿਤ ਸਾਹਿਤ, ਨਾਰੀ ਸਾਹਿਤ ਜਾਂ ਅਜਿਹੇ ਕਿਸੇ ਹੋਰ ਸਾਹਿਤ ਦੇ ਨਾਂ ਹੇਠ ਵੰਡਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਕਿਉਂਕਿ ਅਜਿਹਾ ਕਰਨ ਨਾਲ਼ ਅਸੀਂ ਸਾਹਿਤ ਦੀ ਸਮਰੱਥਾ ਨੂੰ ਛੁਟਿਆਉਂਦੇ ਹਾਂ। ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਸਾਹਿਤ ਵਿਚ ਆ ਰਹੇ ਪ੍ਰਦੂਸ਼ਿਤ ਰੁਝਾਨਾਂ 'ਤੇ ਉਂਗਲ ਧਰਦਿਆਂ ਵੈਬੀਨਾਰਾਂ ਦੇ ਦੌਰ ਵਿਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਗਲਪ ਦੇ ਉੱਤੇ ਕਰਵਾਈ ਵਿਚਾਰ ਚਰਚਾ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਪ੍ਰੋ. ਲਾਭ ਸਿੰਘ ਖੀਵਾ ਵੱਲੋਂ ਦੋ ਮਹਾਂ ਸੰਕਟਾਂ ਵਿਚੋਂ ਸਿਰਜੇ ਜਾ ਰਹੇ ਦੋ ਮਹਾਂ ਬਿਰਤਾਂਤਾਂ ਬਾਰੇ ਚਰਚਾ ਕਰਦਿਆਂ ਕਿਹਾ ਗਿਆ ਕਿ ਅੱਜ ਅਸੀਂ ਉਸ ਮੋੜ 'ਤੇ ਪਹੁੰਚ ਚੁੱਕੇ ਹਾਂ ਜਿੱਥੋਂ ਅੱਗੇ ਜਾਣਾ ਔਖਾ ਹੈ ਅਤੇ ਪਿੱਛੇ ਵੀ ਨਹੀਂ ਮੁੜਿਆ ਜਾ ਸਕਦਾ। ਪ੍ਰੋ. ਜੇ.ਬੀ.ਸੇਖੋਂ ਵੱਲੋਂ ਸਮੁੱਚੀ ਕਹਾਣੀ ਦੇ ਵੱਖ-ਵੱਖ ਪੜਾਵਾਂ 'ਤੇ ਚਾਨਣਾ ਪਾਉਂਦਿਆਂ ਇਸ ਧਾਰਨਾ 'ਤੇ ਫੋਕਸ ਕੀਤਾ ਕਿ ਨਵੀਂ ਪੰਜਾਬੀ ਕਹਾਣੀ ਸਮਕਾਲੀ ਦੌਰ ਦੇ ਮਨੋਵਿਗਿਆਨ ਨੂੰ ਉਸ ਦੇ ਸਮੁੱਚੇ ਪਸਾਰਾਂ ਸਮੇਤ ਪੇਸ਼ ਕਰਦੀ ਹੈ। ਡਾ. ਗੁਰਮੇਲ ਸਿੰਘ ਵੱਲੋਂ ਪੰਜਾਬੀ ਨਾਵਲ ਦੀ 125 ਸਾਲਾਂ ਦੀ ਯਾਤਰਾ ਬਾਰੇ ਗੱਲ ਕਰਦਿਆਂ ਸਮਕਾਲੀ ਦੌਰ ਵਿੱਚ ਲਿਖੇ ਜਾ ਰਹੇ ਨਾਵਲ ਦੀਆਂ ਵੱਖ-ਵੱਖ ਧਾਰਾਵਾਂ 'ਤੇ ਚਾਨਣਾ ਪਾਇਆ ਗਿਆ।
 
 
ਸਾਰੇ ਸੈਸ਼ਨਾਂ ਦੇ ਅੰਤ ਵਿੱਚ ਜਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ ਅਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਇਸ ਪੁਸਤਕ ਮੇਲੇ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਦੇ ਲਗਭਗ 30 ਪੁਸਤਕ ਵਿਕ੍ਰੇਤਾਵਾਂ ਵੱਲੋਂ ਆਪਣੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਮੌਕੇ ਪੰਜਾਬੀ ਅੱਖਰਕਾਰਂ ਵੱਲੋਂ ਵੀ ਆਪਣੀ ਅੱਖਰਕਾਰੀ ਦੀ ਖ਼ੂਬਸੂਰਤ ਪ੍ਰਦਰਸ਼ਨੀ ਲਗਾਈ ਗਈ ਹੈ। ਪੰਜਾਬੀ ਅਦਬ ਦੀਆਂ ਨਾਮਵਰ ਸ਼ਖਸੀਅਤਾਂ ਦੇ ਨਾਲ-ਨਾਲ ਜ਼ਿਲ੍ਹਾ ਵਾਸੀ ਵੀ ਇਸ ਪੁਸਤਕ ਮੇਲੇ ਦੇ ਸਮਾਨਾਂਤਰ ਚੱਲ ਰਹੇ ਸੈਮੀਨਾਰਾਂ ਵਿਚ ਖ਼ੂਬ ਦਿਲਚਸਪੀ ਲੈ ਰਹੇ ਹਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।
 

Have something to say? Post your comment

 

More in Chandigarh

ਉਮੀਦਵਾਰਾਂ ਦੇ ਖਰਚੇ 'ਤੇ ਕਰੜੀ ਨਜ਼ਰ ਰੱਖੀ ਜਾਵੇ : ਮੀਤੂ ਅਗਰਵਾਲ

ਸਿਬਿਨ ਸੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਰੀਵਿਊ ਮੀਟਿੰਗ

ਪੰਜਾਬ ਦੇ ਮੁੱਖ ਚੋਣ ਅਧਿਕਾਰੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਨਾਮਜ਼ਦਗੀ ਪੱਤਰ 17 ਮਈ ਤੱਕ ਵਾਪਸ ਲਏ ਜਾ ਸਕਣਗੇ : Sibin C

ਜੂਨ ਮਹੀਨੇ ਦੀ ਤਪਸ਼ ਨੂੰ ਦੇਖਦੇ ਹੋਏ ਜ਼ਿਲ੍ਹਾ ਚੋਣ ਅਫਸਰ ਵੱਲੋਂ ਠੰਡੇ ਮਿੱਠੇ ਪਾਣੀ ਦੇ ਵਿਸ਼ੇਸ਼ ਪ੍ਰਬੰਧ

 ਪੁਲਿਸ ਅਬਜ਼ਰਵਰ ਨੇ ਸਟਰਾਂਗ ਰੂਮਾਂ ਦਾ ਕੀਤਾ ਨਿਰੀਖਣ

15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਹੋਮ ਗਾਰਡ ਦਾ ਵਲੰਟੀਅਰ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

DC ਨੇ ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਜ਼ਿੰਮੇਵਾਰੀ ਅਤੇ ਨੈਤਿਕਤਾ ਨਾਲ ਵਰਤੋਂ ਕਰਨ ਦੀ ਅਪੀਲ

ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ