Wednesday, September 17, 2025

Malwa

ਸਰਕਾਰ ਵੱਲੋਂ ਕੀਤੇ ਯਤਨਾ ਸਦਕਾ ਪੰਜਾਬ ਦੇ ਖਿਡਾਰੀ ਮਾਰ ਰਹੇ ਵੱਡੀਆਂ ਮੱਲਾਂ : ਡਿਪਟੀ ਕਮਿਸ਼ਨਰ

November 16, 2023 12:18 PM
SehajTimes

 

ਫ਼ਤਹਿਗੜ੍ਹ ਸਾਹਿਬ :- ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਕ੍ਰਾਂਤੀਕਾਰੀ ਯਤਨਾ ਸਦਕਾ ਅੱਜ ਸਾਡੇ ਖਿਡਾਰੀ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਹੋ ਰਹੀਆਂ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੇ ਹਨ ਅਤੇ ਮੰਡੀ ਗੋਬਿੰਦਗੜ੍ਹ ਦੇ ਖਿਡਾਰੀ ਅਰਜੁਨ ਚੀਮਾਂ ਨੇ ਦੇਸ਼ ਵਿਦੇਸ਼ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਿੱਚ ਜੋ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਉਹ ਸਮੂਹ ਜ਼ਿਲ੍ਹਾ ਨਿਵਾਸੀਆਂ ਲਈ ਗੌਰਵ ਦਾ ਪ੍ਰਤੀਕ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਆਪਣੀ ਰਿਹਾਇਸ਼ ਤੇ ਬਣੇ ਕੈਂਪ ਆਫਿਸ ਵਿੱਚ ਅਰਜੁਨ ਚੀਮਾਂ ਨੂੰ ਸਨਮਾਨਤ ਕਰਨ ਮੌਕੇ ਕੀਤਾ। ਉਨ੍ਹਾਂ ਖਿਡਾਰੀ ਅਰਜੁਨ ਚੀਮਾਂ ਨੂੰ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਯੂਥ ਆਈਕੋਨ ਬਣਨ ਲਈ ਵੀ ਸਨਮਾਨ ਚਿੰਨ ਭੇਂਟ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਅਰਜੁਨ ਚੀਮਾ ਨੇ ਹਾਲ ਹੀ ਵਿੱਚ ਚੀਨ ਵਿਖੇ ਹੋਈਆਂ 19ਵੀਂਆਂ ਏਸ਼ੀਅਨ ਖੇਡਾਂ ਦੇ 10 ਮੀਟਰ ਏਅਰ ਪਿਸਟਲ ਦੇ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਅਤੇ ਇਸ ਖਿਡਾਰੀ ਨੇ ਚੀਨ ਵਿਖੇ ਹੀ ਹੋਈਆਂ ਵਰਲਡ ਯੂਨੀਵਰਸਿਟੀ ਖੇਡਾਂ ਵਿੱਚ ਕਾਂਸੀ ਦਾ ਤਮਗਾ ਅਤੇ ਵਰਲਡ ਚੈਪੀਂਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨ ਵਾਸਤੇ ਖਿਡਾਰੀ ਅਰਜੁਨ ਚੀਮਾਂ ਇੱਕ ਯੂਥ ਆਈਕੋਨ ਬਨਣਗੇ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਜ਼ਿਲ੍ਹੇ ਦੇ ਨੌਜਵਾਨ ਉਤਸ਼ਾਹ ਨਾਲ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

 ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਤੰਦਰੁਸਤੀ ਲਈ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਜਿਥੇ ਸਮਾਜਿਕ ਲਾਹਣਤਾਂ ਤੋਂ ਦੂਰ ਰਹਿੰਦੇ ਹਨ ਉਥੇ ਹੀ ਖਿਡਾਰੀ ਸਰੀਰਕ ਤੇ ਮਾਨਸਿਕ ਪੱਧਰ ਤੇ ਵੀ ਤੰਦਰੁਸਤ ਰਹਿੰਦੇ ਹਨ। ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਖਿਡਾਰੀ ਉਹੀ ਹੁੰਦਾ ਹੈ ਜੋ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਅਨੁਸ਼ਾਸ਼ਨ ਵਿੱਚ ਰਹਿ ਕੇ ਆਪਣੀ ਖੇਡ ਪ੍ਰਤਿਭਾ ਦੇ ਜੋਹਰ ਵਿਖਾਏ। ਇਸ ਮੌਕੇ ਖਿਡਾਰੀ ਅਰਜੁਨ ਚੀਮਾਂ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਪ੍ਰਾਪਤੀਆਂ ਕਰਕੇ ਹੋਰ ਵੱਡੀ ਪੱਧਰ ਤੇ ਆਪਣੀ ਖੇਡ ਪ੍ਰਤਿਭਾ ਦਾ ਜੋਹਰ ਵਿਖਾਉਣ ਲਈ ਵਧੇਰੇ ਸਮਰਪਣ ਦੀ ਭਾਵਨਾ ਨਾਲ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਸਮਰਪਣ ਦੀ ਭਾਵਨਾਂ ਨਾਲ ਨਿਭਾਉਣਗੇ। ਉਨ੍ਹਾਂ ਇਹ ਸਨਮਾਨ ਦੇਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਪ੍ਰਿੰਸ, ਖਿਡਾਰੀ ਅਰਜੁਨ ਚੀਮਾ ਦੇ ਪਿਤਾ ਸ਼੍ਰੀ ਸੰਦੀਪ ਸਿੰਘ ਚੀਮਾ ਅਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਕਿਰਨਦੀਪ ਕੌਰ ਚੀਮਾ ਵੀ ਮੌਜੂਦ ਸਨ।

Have something to say? Post your comment