ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਕੇਐਮਪੀ ਐਕਸਪ੍ਰੈਸਵੇਅ ਨਾਲ ਸੰਪਰਕ ਹੋਵੇਗਾ ਮਜ਼ਬੂਤ, ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕੀਤਾ ਧੰਨਵਾਦ
ਚੰਡੀਗੜ੍ਹ : ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਨੂੰਹ ਜ਼ਿਲ੍ਹੇ ਦੇ ਸੋਹਨਾ ਖੇਤਰ ਨੂੰ ਵੱਡੀ ਸੌਗਾਤ ਦਿੰਦਿਆਂ ਸੋਹਨਾ ਚੌਕ 'ਤੇ 2.75 ਕਿਲੋਮੀਟਰ ਲੰਬੇ 6-ਲੇਨ ਐਲੀਵੇਟਿਡ ਕੋਰੀਡੋਰ ਦੇ ਨਿਰਮਾਣ ਲਈ 340.78 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੇ ਜਾਣ 'ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਐਨਐਚ-919 ਅਤੇ ਐਨਐਚ-248ਏ ਦੇ ਜੰਕਸ਼ਨ 'ਤੇ ਬਣਨ ਵਾਲਾ ਇਹ ਐਲੀਵੇਟਿਡ ਕੋਰੀਡੋਰ ਸੋਹਨਾ ਵਿੱਚ ਆਵਾਜਾਈ ਵਿਵਸਥਾ ਨੂੰ ਨਵੀਂ ਰਫ਼ਤਾਰ ਦੇਵੇਗਾ। ਇਸ ਨਾਲ ਗੁਰੂਗ੍ਰਾਮ-ਨੂੰਹ ਵਿਚਕਾਰੋਂ ਲੰਘਣ ਵਾਲੀ ਆਵਾਜਾਈ ਨੂੰ ਸਥਾਨਕ ਅਤੇ ਕਰਾਸ ਟ੍ਰੈਫਿਕ ਤੋਂ ਵੱਖ ਕੀਤਾ ਜਾ ਸਕੇਗਾ ਅਤੇ ਵਾਹਨਾਂ ਨੂੰ ਵਧੇਰੇ ਸੁਖਾਲੀ ਅਤੇ ਨਿਰਵਿਘਨ ਆਵਾਜਾਈ ਦੀ ਸਹੂਲਤ ਮਿਲੇਗੀ।
ਸ੍ਰੀ ਗੰਗਵਾ ਨੇ ਕਿਹਾ ਕਿ ਖੇਤਰ ਵਿੱਚ ਲਗਾਤਾਰ ਵਧ ਰਹੀ ਆਵਾਜਾਈ ਅਤੇ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਨੂੰ ਦੇਖਦੇ ਹੋਏ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ। ਐਲੀਵੇਟਿਡ ਕੋਰੀਡੋਰ ਬਣਨ ਨਾਲ ਸੋਹਨਾ ਚੌਕ 'ਤੇ ਆਵਾਜਾਈ ਦਾ ਦਬਾਅ ਘਟੇਗਾ, ਸੜਕ ਦੀ ਸਮਰੱਥਾ ਵਧੇਗੀ ਅਤੇ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ। ਇਸ ਦੇ ਨਾਲ ਹੀ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਅਤੇ ਕੇਐਮਪੀ ਐਕਸਪ੍ਰੈਸਵੇਅ ਨਾਲ ਖੇਤਰ ਦਾ ਸੰਪਰਕ ਹੋਰ ਬਿਹਤਰ ਹੋਵੇਗਾ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹਰਿਆਣਾ ਵਿੱਚ ਮਜ਼ਬੂਤ ਅਤੇ ਆਧੁਨਿਕ ਸੜਕੀ ਨੈੱਟਵਰਕ ਤਿਆਰ ਕਰਨਾ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਮੌਜੂਦਾ ਆਵਾਜਾਈ ਵਿਵਸਥਾ ਨੂੰ ਰਾਹਤ ਮਿਲੇਗੀ, ਸਗੋਂ ਖੇਤਰ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਹਤਰ ਸੜਕੀ ਸੰਪਰਕ ਵੀ ਉਪਲਬਧ ਹੋਵੇਗਾ।
ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਸਾਂਝੇ ਯਤਨਾਂ ਨਾਲ ਸੂਬੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਨਵੀਂ ਮਜ਼ਬੂਤੀ ਮਿਲ ਰਹੀ ਹੈ।