ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਵਿਕਾਸ ਨਗਰ ਵਿਖੇ ਵਣ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਲਗਭਗ 28 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਵਾਤਾਵਰਣ ਪਾਰਕ ਦਾ ਉਦਘਾਟਨ ਕੀਤਾ। ਓਹਨਾ ਦਸਿਆ ਕਿ ਕਰੀਬ 5 ਏਕੜ ਰਕਬੇ ਵਿੱਚ ਵਿਕਸਤ ਕੀਤਾ ਗਿਆ ਇਹ ਪਾਰਕ ਇਲਾਕਾ ਨਿਵਾਸੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸੈਰ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਸਿਹਤ ਮੰਤਰੀ ਨੇ ਦਸਿਆ ਕਿ ਪਾਰਕ ਵਿੱਚ ਲੋਕਾਂ ਦੀ ਸਹੂਲਤ ਲਈ 1600 ਮੀਟਰ ਲੰਬਾ ਸੈਰ ਕਰਨ ਵਾਲਾ ਟਰੈਕ ਤਿਆਰ ਕੀਤਾ ਗਿਆ ਹੈ। ਜੰਗਲੀ ਜਾਨਵਰਾਂ ਤੋਂ ਸੁਰੱਖਿਆ ਲਈ ਪਾਰਕ ਦੇ ਆਲੇ-ਦੁਆਲੇ ਫੈਂਸਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ 25 ਬੈਂਚ, 30 ਸੋਲਰ ਲਾਈਟਾਂ ਅਤੇ 15 ਡਸਟਬਿਨ ਲਗਾਏ ਗਏ ਹਨ। ਪੌਦਿਆਂ ਦੀ ਸਿੰਚਾਈ ਲਈ 800 ਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਵੀ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੀ ਪਹਿਲਕਦਮੀ ਸਦਕਾ ਵਿਕਾਸ ਨਗਰ ਦੇ ਵਸਨੀਕਾਂ ਨੂੰ ਇਹ ਸੁੰਦਰ ਅਤੇ ਵਾਤਾਵਰਨ ਪੱਖੀ ਪਾਰਕ ਮਿਲਿਆ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਲੋਕਾਂ ਨੂੰ ਬਿਹਤਰ ਸਿਹਤਮੰਦ ਜੀਵਨ ਲਈ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਵਿਕਾਸ ਨਗਰ ਵਿੱਚ ਬਣਿਆ ਇਹ ਵਾਤਾਵਰਨ ਪਾਰਕ ਇਲਾਕੇ ਦੇ ਲੋਕਾਂ ਲਈ ਸਿਹਤਮੰਦ ਜੀਵਨ ਅਤੇ ਵਾਤਾਵਰਨ ਸੰਭਾਲ ਦਾ ਸੁੰਦਰ ਸੁਮੇਲ ਸਾਬਤ ਹੋਵੇਗਾ।