ਮਸਤੂਆਣਾ ਸਾਹਿਬ : ਸਪੋਰਟਸ ਅਥਾਰਟੀ ਆਫ ਇੰਡੀਆਦੇ ਟ੍ਰੇਨਿੰਗ ਸੈਂਟਰ (ਐਸ.ਟੀ.ਸੀ.) ਮਸਤੂਆਣਾ ਸਾਹਿਬ ਵਿਖੇ ਅੱਜ ਭਾਰਤ ਦੇ ਮਹਾਨ ਹਾਕੀ ਜਾਦੂਗਰ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਨੂੰ ਸਮਰਪਿਤ 'ਰਾਸ਼ਟਰੀ ਖੇਡ ਦਿਵਸ' ਬਹੁਤ ਹੀ ਉਤਸ਼ਾਹ, ਸ਼ਾਨੋ-ਸ਼ੌਕਤ ਅਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਸ਼ਾਨਦਾਰ ਸਮਾਗਮ ਨੇ ਜਿੱਥੇ ਖਿਡਾਰੀਆਂ ਵਿੱਚ ਨਵਾਂ ਜੋਸ਼ ਭਰਿਆ, ਉੱਥੇ ਹੀ ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਦਾ ਇੱਕ ਸਾਰਥਕ ਸੁਨੇਹਾ ਵੀ ਦਿੱਤਾ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ (ਕੋਚਿੰਗ) ਸ. ਜੀਵਨਜੋਤ ਸਿੰਘ ਤੇਜਾ ਅਤੇ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਚੇਅਰਮੈਨ ਸ. ਰਸ਼ਪਾਲ ਸਿੰਘ ਭੁੱਲਰ ਹੇੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਬਲਾਕ ਸਮਿਤੀ ਧੂਰੀ ਦੇ ਚੇਅਰਮੈਨ ਸ. ਰਣਜੋਧ ਸਿੰਘ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਸਮਾਗਮ ਦੀ ਰੌਣਕ ਵਧਾਉਣ ਲਈ ਖੇਡ ਅਤੇ ਸਿੱਖਿਆ ਜਗਤ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਇਸ ਮੌਕੇ ਬੁਲਾਰਿਆਂ ਨੇ ਐਸ.ਟੀ.ਸੀ. ਮਸਤੂਆਣਾ ਸਾਹਿਬ ਦੇ ਕੋਚਾਂ ਅਤੇ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਰੀਆਂ ਜਾ ਰਹੀਆਂ ਮੱਲਾਂ ਦੀ ਰੱਜ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਚਾਂ ਦੀ ਸਮਰਪਣ ਭਾਵਨਾ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਸੰਸਥਾ ਖੇਡ ਜਗਤ ਵਿੱਚ ਨਾਮਣਾ ਖੱਟ ਰਹੀ ਹੈ। ਰਾਸ਼ਟਰੀ ਖੇਡ ਦਿਵਸ ਦੇ ਇਸ ਪਵਿੱਤਰ ਮੌਕੇ 'ਤੇ ਸਮੂਹ ਕੋਚਾਂ ਅਤੇ ਖਿਡਾਰੀਆਂ ਨੇ ਇਕਜੁੱਟ ਹੋ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਤੰਦਰੁਸਤ ਜੀਵਨ-ਸ਼ੈਲੀ ਅਪਣਾਉਣ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਅਹਿਦ ਲਿਆ। ਅੰਤ ਵਿੱਚ ਐਸ.ਟੀ.ਸੀ. ਮਸਤੂਆਣਾ ਸਾਹਿਬ ਪ੍ਰਬੰਧਨ ਵੱਲੋਂ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਕੋਚਾਂ, ਖਿਡਾਰੀਆਂ ਅਤੇ ਸਮੂਹ ਸਟਾਫ਼ ਦਾ ਇਸ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ।