ਸਮਾਣਾ : ਸਾਂਝੀ ਤਾਲਮੇਲ ਕਮੇਟੀ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਸਰਕਾਰੀ ਤੰਤਰ ਬੰਦ ਕਰਨ ਕਰਕੇ ਪੰਜਾਬ ਮਹਾਂਬੰਦ ਦੇ ਦਿੱਤੇ ਸੱਦੇ ਨੂੰ ਤਹਿਸੀਲ ਸਮਾਣਾ ਦੇ ਅਧਿਆਪਕਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ।ਇਸ ਬੰਦ ਦੌਰਾਨ ਤਹਿਸੀਲ ਦੇ ਸਮੂਹ ਸਕੂਲ ਅਤੇ ਦਫਤਰ ਮੁਕੰਮਲ ਬੰਦ ਰਹੇ। ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਡੀ.ਟੀ.ਐਫ਼ ਦੇ ਜਿਲ੍ਹਾ ਆਗੂ ਰਾਜਿੰਦਰ ਸਮਾਣਾ, ਜੀਟੀਯੂ ਦੇ ਆਗੂ ਸੁਪਿੰਦਰ ਸ਼ਰਮਾ ਤੋਂ ਇਲਾਵਾ ਡੀ.ਟੀ.ਐਫ. ਦੇ ਜਿਲ੍ਹਾ ਆਗੂ ਗੁਰਵਿੰਦਰ ਸਿੰਘ ਖੱਟੜਾ, ਮੈਡਮ ਮਨਦੀਪ ਕੌਰ, ਜੀਟੀਯੂ ਤੋਂ ਮੈਡਮ ਸੀਮਾ ਰਾਣੀ, ਜੁਗਪ੍ਰਗਟ ਸਿੰਘ, 5994 ਅਧਿਆਪਕ ਯੂਨੀਅਨ ਤੋਂ ਅਨਮੋਲ ਸਿੰਘ, 6635 ਅਧਿਆਪਕ ਯੂਨੀਅਨ ਤੋਂ ਰਾਜਵਿੰਦਰ ਸਿੰਘ, ਸਫਾਈ ਕਰਮਚਾਰੀ ਯੂਨੀਅਨ ਤੋਂ ਸੋਨੂ ਸੁੰਦਰ, ਨੇ ਕਿਹਾ ਕਿ ਇਸ ਵੱਡੇ ਉਭਾਰ ਦਾ ਮੋਹਰੀ ਕਾਰਨ ਅਖੌਤੀ “ਇਨਕਲਾਬੀ” ਸਰਕਾਰ ਹੱਥੋਂ ਮੁਲਾਜ਼ਮਾਂ ਦੇ ਹਰ ਵਰਗ ਦਾ ਠੱਗਿਆ ਜਾਣਾ ਹੈ।ਜਿਸ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਕੇਂਦਰੀ ਪੈਟਰਨ ਅਧਾਰਿਤ ਨਵੇਂ ਤਨਖਾਹ ਸਕੇਲਾਂ ਨੂੰ ਰੱਦ ਨਾ ਕਰਨਾ, ਬਜਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਨਾ ਕਰਨ, ਮੁਲਾਜ਼ਮਾਂ ਦਾ 18% ਪੈਂਡਿੰਗ ਮਹਿੰਗਾਈ ਭੱਤਾ ਰੋਕਣ, ਪੇਂਡੂ ਤੇ ਬਾਰਡਰ ਏਰੀਆ ਭੱਤਿਆਂ ਸਮੇਤ 37 ਕਿਸਮ ਦੇ ਕੱਟੇ ਗਏ ਭੱਤੇ ਬਹਾਲ ਨਾ ਕਰਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਪੈਂਡਿੰਗ ਲਾਭ ਨਾ ਬਹਾਲ ਕਰਨਾ, ਕੱਚੇ ਮੁਲਾਜ਼ਮਾਂ ਸਮੇਤ ਐਸੋਸੀਏਟ ਟੀਚਰਜ਼ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾ ਨਿਯਮਾਂ ਤਹਿਤ ਲਿਆ ਕੇ ਰੈਗੂਲਰ ਨਾ ਕਰਨ, ਰੀਕਾਸਟ ਲਿਸਟਾਂ ਦੇ ਨਾਂ ਹੇਠ 4161 ਮਾਸਟਰ, 6635 ਈਟੀਟੀ ਤੇ ਬਾਕੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਦੇ ਸ਼ੋਅ ਕਾਜ ਨੋਟਿਸਾਂ ਨੂੰ ਰੱਦ ਕਰਕੇ ਉਹਨਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਨਾ ਕਰਨਾ ਪ੍ਰਮੁੱਖ ਤੌਰ ਤੇ ਸ਼ਾਮਲ ਹਨ।