ਅੰਮ੍ਰਿਤਸਰ : “ਵੰਦੇ ਮਾਤਰਮ” ਦੇ ਗਾਇਨ ਨੂੰ ਲੈ ਕੇ ਸਿੱਖ ਧਰਮ ਦੀਆਂ ਮੂਲ ਧਾਰਮਿਕ ਮਾਨਤਾਵਾਂ, ਸਿੱਖ ਰਹਿਤ ਮਰਯਾਦਾ ਅਤੇ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਬਾਰੇ ਸਪੱਸ਼ਟ ਪੰਥਕ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸਤਿਕਾਰ ਯੋਗ ਪੰਜ ਪਿਆਰਿਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਸਟੂਡੈਂਟ ਫੈਡਰੇਸ਼ਨ, ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਹਿਬ ਨੂੰ ਮੈਮੋਰੈਂਡਮ ਸੌਂਪਿਆ ਗਿਆ। ਮੈਮੋਰੈਂਡਮ ਵਿੱਚ ਕਿਹਾ ਗਿਆ ਕਿ ਇਹ ਮਾਮਲਾ ਕਿਸੇ ਰਾਜਨੀਤਿਕ ਪਾਰਟੀ, ਸਰਕਾਰ ਜਾਂ ਰਾਸ਼ਟਰੀ ਨੀਤੀ ਦੇ ਹੱਕ ਜਾਂ ਵਿਰੋਧ ਦਾ ਮਾਮਲਾ ਨਹੀਂ, ਸਗੋਂ ਸਿੱਖ ਦੀ ਧਾਰਮਿਕ ਆਸਥਾ ਅਤੇ ਗੁਰਮਤਿ ਸਿਧਾਂਤਾਂ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਪੰਥਕ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਮੁੱਚੇ ਸਿੱਖ ਪੰਥ ਲਈ ਇਕਸਾਰ ਅਤੇ ਸਪੱਸ਼ਟ ਨਿਰਣਾ ਕੀਤਾ ਜਾਵੇ। ਮੈਮੋਰੈਂਡਮ ਵਿੱਚ ਸਿੱਖ ਧਰਮ ਦੇ ਇੱਕ ਨਿਰਾਕਾਰ ਅਕਾਲ ਪੁਰਖ ਦੀ ਉਪਾਸਨਾ ਵਾਲੇ ਸਿਧਾਂਤ ਨੂੰ ਕੇਂਦਰ ਵਿੱਚ ਰੱਖਦਿਆਂ ਪੰਜ ਪਿਆਰਿਆਂ ਵੱਲੋਂ ਸਵਾਲ ਉਠਾਇਆ ਗਿਆ ਕਿ ਜੇਕਰ ਸਿੱਖ ਦੀ ਧਾਰਮਿਕ ਉਪਾਸਨਾ ਦਾ ਕੇਂਦਰ ਕੇਵਲ ਅਕਾਲ ਪੁਰਖ ਹੈ ਤਾਂ ਕਿਸੇ ਦੇਸ਼, ਰਾਜ ਜਾਂ ਭੂਮੀ ਨੂੰ ਧਾਰਮਿਕ ਅਰਥਾਂ ਵਿੱਚ “ਮਾਤਾ” ਮੰਨ ਕੇ ਉਸ ਦੀ ਵੰਦਨਾ ਕਰਨਾ ਗੁਰਮਤਿ ਅਨੁਸਾਰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ। ਮੈਮੋਰੈਂਡਮ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਹੈ ਕਿ ਇੱਕ ਸਿੱਖ ਲਈ “ਵੰਦੇ ਮਾਤਰਮ” ਦਾ ਗਾਇਨ ਧਾਰਮਿਕ ਤੌਰ ’ਤੇ ਪ੍ਰਵਾਨ ਹੈ ? ਕੀ ਕਿਸੇ ਰਾਜ ਜਾਂ ਰਾਸ਼ਟਰ ਨੂੰ ਧਾਰਮਿਕ ਅਰਥਾਂ ਵਿੱਚ ਮਾਤਾ ਮੰਨ ਕੇ ਉਸ ਦੀ ਵੰਦਨਾ ਕੀਤੀ ਜਾ ਸਕਦੀ ਹੈ? ਕੀ ਦੇਵੀ-ਦੇਵਤਿਆਂ ਨਾਲ ਸਬੰਧਤ ਉਸਤਤਿ ਵਾਲੀ ਰਚਨਾ ਦੇ ਗਾਇਨ ਵਿੱਚ ਸਿੱਖ ਹਿੱਸਾ ਲੈ ਸਕਦਾ ਹੈ? ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮਾਮਲੇ ਵਿੱਚ ਅੰਤਿ ਅਤੇ ਇਕਸਾਰ ਪੰਥਕ ਮਾਰਗ ਦਰਸ਼ਨ ਜਾਰੀ ਕਰੇ, ਤਾਂ ਜੋ ਭਵਿੱਖ ਵਿੱਚ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਵਿੱਚ ਇਸ ਸਬੰਧੀ ਕਿਸੇ ਕਿਸਮ ਦੀ ਦੁਵਿਧਾ ਨਾ ਰਹੇ। ਮੈਮੋਰੈਂਡਮ ਦੇ ਅੰਤ ਵਿੱਚ ਪੰਜ ਪਿਆਰਿਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਪੀਲ ਕੀਤੀ ਗਈ ਕਿ ਇਸ ਮਾਮਲੇ ਦਾ ਨਿਰਣਾ ਕਿਸੇ ਰਾਜਨੀਤਿਕ ਦਬਾਅ ਜਾਂ ਤਤਕਾਲੀ ਹਾਲਾਤ ਦੇ ਆਧਾਰ ’ਤੇ ਨਹੀਂ, ਸਗੋਂ ਗੁਰਮਤਿ ਦੇ ਮੂਲ ਸਿਧਾਂਤਾਂ, ਸਿੱਖ ਰਹਿਤ ਮਰਯਾਦਾ ਅਤੇ ਪ੍ਰਮਾਣਿਤ ਪੰਥਕ ਪਰੰਪਰਾ ਦੇ ਆਧਾਰ ’ਤੇ ਕੀਤਾ ਜਾਵੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਤੇ ਪੰਜ ਪਿਆਰੇ ਸਤਨਾਮ ਸਿੰਘ ਝੰਝੀਆ ਸਤਨਾਮ ਸਿੰਘ ਖੰਡਾ, ਤਰਲੋਕ ਸਿੰਘ, ਤੇ ਰਵੀ ਸੇਰ ਸਿੰਘ, ਦਵਿੰਦਰ ਸਿੰਘ ਬੱਲ,ਕੁਲਵੰਤ ਸਿੰਘ ਕੋਟਲਾ ਤੇ ਹੋਰ ਹਾਜ਼ਰ ਸਨ।