ਸਨੌਰ : ਯੂਥ ਕਾਂਗਰਸ ਪੰਜਾਬ ਵੱਲੋਂ ਲੁਧਿਆਣਾ ਵਿਖੇ ਨਵੇਂ ਚੁਣੇ ਗਏ ਅਹੁਦੇਦਾਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਸਰਬਪ੍ਰੀਤ ਸਿੰਘ ਘਲੋੜੀ ਨੇ ਵੀ ਸ਼ਮੂਲੀਅਤ ਕੀਤੀ। ਕੈਂਪ ਦੌਰਾਨ ਯੂਥ ਕਾਂਗਰਸ ਦੀ ਵਿਚਾਰਧਾਰਾ, ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਲੋਕਾਂ ਨਾਲ ਜੋੜਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸਰਬਪ੍ਰੀਤ ਸਿੰਘ ਘਲੋੜੀ ਨੇ ਕਿਹਾ ਕਿ ਤਿੰਨ ਦਿਨਾਂ ਦਾ ਇਹ ਟ੍ਰੇਨਿੰਗ ਕੈਂਪ ਸਿੱਖਿਆ, ਵਿਚਾਰ-ਵਟਾਂਦਰੇ ਅਤੇ ਨਵੀਂ ਊਰਜਾ ਨਾਲ ਭਰਪੂਰ ਰਿਹਾ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਨੌਜਵਾਨ ਆਗੂਆਂ ਨੂੰ ਸੰਗਠਨ ਦੀ ਕਾਰਗੁਜ਼ਾਰੀ, ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਤਾਲਮੇਲ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸੰਗਠਨ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ। ਇੱਕ ਜ਼ਿੰਮੇਵਾਰ ਨੌਜਵਾਨ ਆਗੂ ਦੀ ਮੁੱਖ ਜ਼ਿੰਮੇਵਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ, ਉਨ੍ਹਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣਾ ਅਤੇ ਸਮਾਜ ਦੇ ਹਰ ਵਰਗ ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਹੈ। ਕੈਂਪ ਦੌਰਾਨ ਵੱਖ-ਵੱਖ ਸੈਸ਼ਨਾਂ ਰਾਹੀਂ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ। ਸਰਬਪ੍ਰੀਤ ਸਿੰਘ ਘਲੋੜੀ ਨੇ ਕਿਹਾ ਕਿ ਇਹ ਕੈਂਪ ਸਿਰਫ਼ ਇੱਕ ਟ੍ਰੇਨਿੰਗ ਪ੍ਰੋਗਰਾਮ ਨਹੀਂ, ਸਗੋਂ ਨਵੀਂ ਸੋਚ, ਨਵੇਂ ਜਜ਼ਬੇ ਅਤੇ ਨਵੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦਾ ਮੌਕਾ ਵੀ ਸੀ। ਉਨ੍ਹਾਂ ਕਿਹਾ ਕਿ ਕੈਂਪ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਦੇ ਮੁੱਦਿਆਂ ਨੂੰ ਹੋਰ ਮਜ਼ਬੂਤੀ ਨਾਲ ਉਠਾਉਣ ਅਤੇ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਦਾ ਨਵਾਂ ਸੰਕਲਪ ਮਿਲਿਆ ਹੈ। ਇਹ ਤਜਰਬਾ ਭਵਿੱਖ ਵਿੱਚ ਨੌਜਵਾਨਾਂ ਦੀ ਬਿਹਤਰੀ ਲਈ ਕੰਮ ਕਰਨ ਵਿੱਚ ਯਕੀਨੀ ਤੌਰ ’ਤੇ ਮਦਦਗਾਰ ਸਾਬਤ ਹੋਵੇਗਾ।