ਸੁਨਾਮ : ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਨਵੇਂ ਨਿਯੁਕਤ ਵਾਈਸ ਚਾਂਸਲਰ ਡਾਕਟਰ ਰਾਜੇਂਦਰ ਬੰਸਲ ਨੇ ਅਹੁਦਾ ਸੰਭਾਲਦਿਆਂ ਹੀ ਯੂਨੀਵਰਸਿਟੀ ਦੀਆਂ ਪ੍ਰਾਥਮਿਕਤਾਵਾਂ ਸਪੱਸ਼ਟ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਸਿਰਫ਼ ਕਾਲਜਾਂ ਨੂੰ ਮਾਨਤਾ (ਐਫੀਲੀਏਸ਼ਨ) ਦੇਣ ਅਤੇ ਪ੍ਰੀਖਿਆਵਾਂ ਕਰਵਾਉਣ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਆਮ ਲੋਕਾਂ ਦੇ ਜੀਵਨ ਅਤੇ ਸਿਹਤ ਦੇ ਮਿਆਰ ਵਿੱਚ ਵੱਡਾ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਦੇ 'ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨਾ ਯੂਨੀਵਰਸਿਟੀ ਦਾ ਮੁੱਖ ਉਦੇਸ਼ ਹੋਵੇਗਾ। ਅਹੁਦਾ ਸੰਭਾਲਣ ਤੋਂ ਬਾਅਦ ਡਾ. ਰਾਜੇਂਦਰ ਬੰਸਲ ਆਪਣੇ ਜਨਮ ਸਥਾਨ ਕਸਬਾ ਚੀਮਾ (ਸੁਨਾਮ) ਪਹੁੰਚੇ। ਇੱਥੇ ਪਹੁੰਚਣ 'ਤੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਚੀਮਾ ਸਥਿਤ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਡਾ. ਬੰਸਲ ਪਿੰਡ ਸਤੋਜ ਪਹੁੰਚੇ, ਜਿੱਥੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਅਗਲੇ ਤਿੰਨ ਸਾਲਾਂ ਦਾ ਰੋਡਮੈਪ: ਆਖਰੀ ਵਿਅਕਤੀ ਤੱਕ ਪਹੁੰਚੇਗਾ ਬਿਹਤਰ ਇਲਾਜ
ਮੀਡੀਆ ਨਾਲ ਗੱਲਬਾਤ ਕਰਦਿਆਂ ਵੀਸੀ ਡਾ. ਬੰਸਲ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ਦੌਰਾਨ ਯੂਨੀਵਰਸਿਟੀ ਦਾ ਮੁੱਖ ਮਕਸਦ ਆਮ ਜਨਤਾ ਤੱਕ ਉੱਚ ਪੱਧਰੀ ਸਿਹਤ ਸੁਵਿਧਾਵਾਂ ਪਹੁੰਚਾਉਣਾ ਹੋਵੇਗਾ। ਸੂਬੇ ਦੇ ਜ਼ਿਲ੍ਹਾ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਸਿਹਤ ਸੇਵਾਵਾਂ ਨੂੰ ਅਤਿ-ਆਧੁਨਿਕ ਅਤੇ ਮਜ਼ਬੂਤ ਬਣਾਇਆ ਜਾਵੇਗਾ।
ਡਾਕਟਰਾਂ ਅਤੇ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ:
ਸਰਕਾਰੀ ਸਿਹਤ ਕੇਂਦਰਾਂ ਵਿੱਚ ਤਾਇਨਾਤ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੂੰ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਹਰ ਮਰੀਜ਼ ਨੂੰ ਗੁਣਵੱਤਾਪੂਰਨ ਇਲਾਜ ਮਿਲ ਸਕੇ। ਵੀਸੀ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਕੀਤੇ ਜਾ ਰਹੇ ਇਹਨਾਂ ਸਾਰੇ ਬਦਲਾਅਾਂ ਦਾ ਮੁੱਖ ਉਦੇਸ਼ ਇਹੋ ਹੈ ਕਿ ਆਮ ਨਾਗਰਿਕਾਂ ਦੀ ਦਿਨਚਰਿਆ ਅਤੇ ਜ਼ਿੰਦਗੀ 'ਤੇ ਇਸ ਦਾ ਹਾਂ-ਪੱਖੀ ਅਤੇ ਅਮਲੀ ਅਸਰ ਦਿਖਾਈ ਦੇਵੇ।