ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਦੇ 117ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ, ਗੋਲ ਬਾਗ, ਅੰਮ੍ਰਿਤਸਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੂਬੇ ਦੇ ਸੰਸਦੀ ਕਾਜ ਮਾਮਲੇ, ਪ੍ਰਵਾਸੀ ਭਾਰਤੀ ਮਾਮਲੇ ਅਤੇ ਜੇਲਾਂ ਮੰਤਰੀ ਡਾ. ਰਵਜੋਤ ਸਿੰਘ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ., ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੇ ਵਿਧਾਇਕ ਡਾ. ਅਜੈ ਗੁਪਤਾ, ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ ਜੋਤ ਕੌਰ, ਵਿਧਾਨ ਸਭਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਦਲਬੀਰ ਸਿੰਘ ਟੌਂਗ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਦੋਵਾਂ ਕੈਬਨਿਟ ਮੰਤਰੀਆਂ ਅਤੇ ਵਿਧਾਇਕ ਸਾਹਿਬਾਨ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਉਤੇ ਫੁੱਲ ਮਲਾਵਾਂ ਅਰਪਿਤ ਕਰਕੇ ਸਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨਾਂ ਨਾਲ ਮੇਅਰ ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੱਲਵੀ ਮਿਸ਼ਰਾ, ਐੱਸ.ਡੀ.ਐੱਮ. ਅੰਮ੍ਰਿਤਸਰ-1 ਸ੍ਰੀਮਤੀ ਅਲਕਾ ਕਾਲੀਆ, ਨਗਰ ਨਿਗਮ ਅੰਮ੍ਰਿਤਸਰ ਦੀ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾਂ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਸਰਬਜੋਤ ਸਿੰਘ ਧੰਜਲ, ਜਰਨੈਲ ਸਿੰਘ ਢੋਟ, ਸਤਪਾਲ ਸਿੰਘ ਸੋਖੀ, ਕੌਂਸਲਰ ਵਿੱਕੀ ਦੱਤਾ, ਜ਼ਿਲ੍ਹਾ ਮੀਡੀਆ ਇੰਚਾਰਜ ਸਤਨਾਮ ਸਿੰਘ ਮਠਾਰੂ ਅਤੇ ਹੋਰ ਮੁਹਤਬਰ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਸ਼ਹੀਦਾਂ ਵਲੋਂ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੇ ਆਪਣਾ ਅਹੁਦਾ ਵੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੀ ਸੰਭਾਲਿਆ ਸੀ ਅਤੇ ਉਨਾਂ ਦਾ ਮੁੱਖ ਮਕਸਦ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ੂਰਬੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਹੀਦ ਮਦਨ ਲਾਲ ਯਾਦਗਾਰੀ ਸਮਾਰਕ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸਪੂਤ ਸ਼ਹੀਦ ਮਦਨ ਲਾਲ ਢੀਂਗਰਾ ਨੇ ਦੇਸ਼ ਦੀ ਅਜ਼ਾਦੀ ਖਾਤਰ ਆਪਣੀ ਜਾਨ ਕੁਰਬਾਨ ਕਰਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਜਿਸ ਉੱਪਰ ਭਾਰਤ ਵਾਸੀ ਹਮੇਸ਼ਾਂ ਮਾਣ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸਥਾਨਾਂ ਤੇ ਇਸ ਤਰ੍ਹਾਂ ਦੇ ਮੇਲੇ ਸਦਾ ਲਗਦੇ ਰਹਿਣਗੇ। ਉਨਾਂ ਸ਼ਹੀਦ ਦੀ ਯਾਦਗਾਰ ਸਥਾਪਿਤ ਕਰਨ ਲਈ ਬੀਤੇ ਸਮੇ ਦੌਰਾਨ ਕੀਤੇ ਸੰਘਰਸ਼ ਨੂੰ ਯਾਦ ਕੀਤਾ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਵਲੋਂ ਸਮਾਗਮ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਸਮਾਰਕ ਵਿੱਚ ਬਣੇ ਮਿਊਜ਼ੀਅਮ ਦੇ ਵਿਸਥਾਰ ਦੀ ਮੰਗ ਕੀਤੀ। ਸਮਾਗਮ ਮੌਕੇ ਸਕੂਲੀ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਅਤੇ ਕੋਰੀਓਗ੍ਰਾਫ਼ੀ ਪੇਸ਼ ਕੀਤੀਆਂ ਗਈਆਂ। ਪੁਲਿਸ ਬੈਂਡ ਵਲੋਂ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਭਗਤੀ ਦੀਆਂ ਧੁੰਨ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਤੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ ਪੰਜਾਬ ਪੁਲਿਸ ਦੀ ਬੈਂਡ ਟੀਮ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਯਾਦਗਾਰੀ ਸਮਾਰਕ ਕਮੇਟੀ ਵਲੋਂ ਦੋਵੇਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਸਾਹਿਬਾਨ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲੀ ਵਿਦਿਆਰਥੀਆਂ ਨੂੰ ਸਨਮਾਨ ਵਜੋਂ ਸ਼ਹੀਦ ਦੀ ਤਸਵੀਰ, ਸ਼ਹੀਦ ਮਦਨ ਲਾਲ ਢੀਂਗਰਾ ਦੇ ਜੀਵਨ ਸਬੰਧੀ ਕਿਤਾਬਚਾ ਵੀ ਵੰਡਿਆ ਗਿਆ।