ਅੰਮ੍ਰਿਤਸਰ : ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨਾਲ ਮਿਲ ਕੇ ’ਵਰਸਿਟੀ ਕੈਂਪਸ ’ਚ 200 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਜੋ ਵੀ ਵਾਤਾਵਰਣ ’ਚ ਬਦਲਾਅ ਆ ਰਹੇ ਹਨ ਉਸ ਪਿੱਛੇ ਮਨੁੱਖ ਦੀ ਲਾਲਸਾ ਅਤੇ ਤਰੱਕੀ ਦੀ ਹੋੜ ਹੈ, ਜਿਸ ਕਾਰਨ ਅੱਜ ਸਾਨੂੰ ਹੜ੍ਹਾਂ ਵਰਗੀ ਸਥਿਤੀ ਨਾਲ ਜੂਝਣਾ ਪੈ ਰਿਹਾ ਹੈ ਅਤੇ ਇਸਦੀ ਰੋਕਥਾਮ ਦੇ ਪੁਖਤਾ ਇੰਤਜਾਮ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਕਿ ਅਸੀ ਸਾਰੇ ਪ੍ਰਣ ਲੈ ਕੇ ਰੁੱਖਾਂ ਦੀ ਸੰਭਾਲ ਕਰੀਏ ਅਤੇ ਸਿਰਫ਼ ਰੁੱਖ ਉਗਾਈਏ ਹੀ ਨਹੀਂ, ਸਗੋਂ ਇਸ ਦੀ ਪਰਵਰਿਸ਼ ਵੀ ਕਰੀਏ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਵਾਤਾਵਰਣ ਦੀ ਗੁਣਵੱਤਾ ਦੇ ਪੱਧਰ ’ਚ ਲਗਾਤਾਰ ਨਿਘਾਰ ਹੋ ਰਿਹਾ ਹੈ, ਜਿਸ ਦਾ ਕਾਰਨ ਲੋਕਾਂ ਵੱਲੋਂ ਅਣਗਹਿਲੀ ਵਰਤਣਾ ਹੈ, ਜਰੂਰਤ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਪਾਣੀ, ਹਵਾ ਅਤੇ ਮਿੱਟੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਸੀਡ ਬੰਬ ਸਮੂਹ ਵਿਦਿਆਰਥੀਆਂ ’ਚ ਵੰਡੇ ਗਏ ਤਾਂ ਕਿ ਜਿੱਥੇ ਵੀ ਖਾਲੀ ਜਗ੍ਹਾ ਮਿਲੇ ਉਥੇ ਰੁੱਖ ਉਗਾਏ ਜਾ ਸਕਣ। ਡਾ. ਕੁਮਾਰ ਨੇ ਕਿਹਾ ਕਿ ਇਸ ਮੁਹਿੰਮ ਦਾ ਆਯੋਜਨ ਡਾ. ਬਿੰਦੂ ਸ਼ਰਮਾ (ਐਸੋਸੀਏਟ ਪ੍ਰੋਫੈਸਰ, ਸਕੂਲ ਆਫ ਐਜੂਕੇਸ਼ਨ), ਡਾ. ਜਸਪ੍ਰੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਡਾ. ਰਿਤੂ ਅਰੋੜਾ (ਅਸਿਸਟੈਂਟ ਪ੍ਰੋਫੈਸਰ) ਦੀ ਯੋਗ ਅਗਵਾਈ ’ਚ ਕੀਤਾ ਗਿਆ। ਇਸ ਮੌਕੇ ਸਮੂੰਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।