ਸਮਾਣਾ : ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਬੈਰਾਗੀ ਵੈਲਫੇਅਰ ਬੋਰਡ ਸਮਾਣਾ ਦੀ ਚੇਅਰਮੈਨ ਅਤੇ ਕੌਂਸਲਰ ਕੋਮਲ ਮਹੰਤ ਵੱਲੋਂ ਸ਼ਹੀਦ ਫਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਇਨਵਾਇਰਮੈਂਟ ਪਾਰਕ ਵਿਖੇ ਸੈਰ ਕਰਨ ਆਉਂਦੇ ਲੋਕਾਂ ਅਤੇ ਸਫ਼ਾਈ ਸੇਵਕਾਂ ਦੀ ਮੰਗ ’ਤੇ ਠੰਢੇ ਪਾਣੀ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਕੋਮਲ ਮਹੰਤ, ਅੰਜਲੀ ਮਹੰਤ ਅਤੇ ਆਲੀਆ ਮਹੰਤ ਨੇ ਇਨਵਾਇਰਮੈਂਟ ਪਾਰਕ ਦੀ ਬਦਲ ਰਹੀ ਨੁਹਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਾਰਕ ਦੀ ਹਰਿਆਲੀ, ਸਾਫ਼-ਸੁਥਰੇ ਮਾਹੌਲ ਅਤੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੋਮਲ ਮਹੰਤ ਨੇ ਕਿਹਾ ਕਿ ਅੱਜ ਦੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਸਮੇਤ ਕੁਝ ਸਮਾਂ ਕੁਦਰਤ ਦੇ ਨੇੜੇ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨਵਾਇਰਮੈਂਟ ਪਾਰਕ ਵਰਗੇ ਸਥਾਨ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਸ਼ਾਂਤੀ ਅਤੇ ਤਣਾਅ ਮੁਕਤ ਜੀਵਨ ਲਈ ਵੀ ਬੇਹੱਦ ਮਹੱਤਵਪੂਰਨ ਹਨ। ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨੇ ਵਾਟਰ ਕੂਲਰ ਭੇਟ ਕਰਨ ਲਈ ਕੋਮਲ ਮਹੰਤ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਪਾਰਕ ਵਿੱਚ ਆਉਣ ਵਾਲੇ ਲੋਕਾਂ ਅਤੇ ਸਫ਼ਾਈ ਸੇਵਕਾਂ ਲਈ ਇਹ ਵਾਟਰ ਕੂਲਰ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ।