ਅੰਮ੍ਰਿਤਸਰ : ਅੰਮ੍ਰਿਤਸਰ ਸਿੱਖੀ ਅਤੇ ਸਿੱਖਿਆ ਨੂੰ ਸਮਰਪਿਤ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ.ਰੋਡ, ਵਿਖੇ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਕੀਰਤਨ ਦਰਬਾਰ ਦੇ ਸ਼ੁਭ ਅਵਸਰ ਤੇ ਸਕੂਲ ਦੇ ਵਿਹੜੇ ਨੂੰ ਫੁੱਲਾਂ ਅਤੇ ਰੰਗ ਬਿਰੰਗੀ ਰੌਸ਼ਨੀਆਂ ਨਾਲ ਬੜੀ ਖੂਬਸੂਰਤੀ ਨਾਲ ਸ਼ਿੰਗਾਰਿਆ ਗਿਆ। ਪੰਡਾਲ ਵਿੱਚ ਗੁਰਬਾਣੀ ਦੀਆਂ ਧੁਨਾਂ ਦੀ ਗੂੰਜ ਨਾਲ ਰੂਹਾਨੀ ਵਾਤਾਵਰਣ ਸਿਰਜਿਆ ਗਿਆ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸਿੱਖੀ ਰਿਵਾਇਤਾਂ ਅਤੇ ਪਰੰਪਰਾਵਾਂ ਅਨੁਸਾਰ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਵੱਲੋਂ ਫੁੱਲਾਂ ਦੀ ਵਰਖਾ, ਸਕੂਲ ਬੈਂਡ ਅਤੇ ਨਰਸਿੰਘੇ ਦੀ ਗੂੰਜ ਵਿੱਚ ਵਾਤਾਨੁਕੁਲਿਤ ਦੀਵਾਨ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਇਸ ਸਾਲ +2 (ਸੀ.ਬੀ.ਐਸ.ਈ)ਦੇ ਨਤੀਜਿਆਂ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਦੀ ਵਿਦਿਆਰਥਣ ਜਪਜੀਤ ਕੌਰ (ਮੈਡੀਕਲ) ਵੱਲੋਂ ਪੰਜਾਬ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਟਾਪਰ ਬਨਣ ਅਤੇ ਮਜੀਠਾ ਰੋਡ ਬਾਈਪਾਸ ਸਕੂਲ ਦੇ ਵਿਦਿਆਰਥੀ ਰਿਸ਼ਾਂਕ ਸਰਮਾ (ਨਾਨ—ਮੈਡੀਕਲ) ਵੱਲੋਂ ਪੰਜਾਬ ਵਿਚ ਤੀਸਰਾ ਸਥਾਨ ਹਾਸਲ ਕਰਨ ਦਾ ਮਾਨ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਕੀਰਤਨ ਦਰਬਾਰ ਦੇ ਪਾਵਨ ਮੌਕੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਲੰਗਰ ਦੀ ਅਤੁੱਟ ਸੇਵਾ ਨਿਭਾਈ ਗਈ ਅਤੇ ਏਕਜੋਤ ਲੰਗਰ ਸੇਵਾ ਸੁਸਾਇਟੀ ਵੱਲੋਂ ਜੂਠੇ ਪੱਤਲਾਂ ਦੀ ਸੇਵਾ ਕੀਤੀ ਗਈ। ਸਟੇਜ਼ ਦਾ ਸੰਚਾਲਨ ਧਾਰਮਿਕ ਅਧਿਆਪਕ ਬੀਬੀ ਸੁਖਜੀਤ ਕੌਰ ਅਤੇ ਸ੍ਰ.ਅੰਮ੍ਰਿਤਪਾਲ ਸਿੰਘ ਨੇ ਕੀਤਾ। ਕੀਰਤਨ ਦਰਬਾਰ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ. ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ. ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ. ਕੁਲਜੀਤ ਸਿੰਘ ਸਾਹਨੀ, ਆਨਰੇਰੀ ਸੱਕਤਰ ਸ੍ਰ. ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਸ੍ਰ. ਰਮਣੀਕ ਸਿੰਘ, ਐਡੀ. ਆਨਰੇਰੀ ਸਕੱਤਰ ਸ੍ਰ. ਜਸਪਾਲ ਸਿੰਘ ਢਿੱਲੋਂ, ਐਡੀ.ਆਨਰੇਰੀ ਸਕੱਤਰ ਸ੍ਰ.ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦੀਵਾਨ ਮੈਂਬਰਜ਼, ਸਟਾਫ ਅਤੇ ਸੰਗਤਾਂ ਹਾਜਰ ਸਨ।