ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜਵਾਨ ਸੁਪਨੇ ਦੇਖਣਾ ਕਦੇ ਬੰਦ ਨਾ ਕਰਨ। ਸੁਪਨੇ ਸੁੱਤੇ ਹੋਏ ਨਹੀਂ, ਸਗੋਂ ਜਾਗਦੇ ਹੋਏ ਦੇਖਣ। ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੁਣ ਸਿਰਫ ਤੁਹਾਡਾ ਹੌਸਲਾ ਹੀ ਨਹੀਂ, ਸਗੋਂ ਤੁਹਾਡੀ ਆਪਣੀ ਸਰਕਾਰ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅਸੀਂ ਕਿਸੇ ਵੀ ਨੌਜਵਾਨ ਦੇ ਸੁਪਨਿਆਂ ਨੂੰ ਦੱਬਣ ਨਹੀਂ ਦੇਵਾਂਗੇ। ਹਰਿਆਣਾ ਸਰਕਾਰ ਨੌਜਵਾਨਾਂ ਨੂੰ ਪਾਰਦਰਸ਼ੀ ਵਿਵਸਥਾ, ਸਮਾਨ ਮੌਕੇ ਅਤੇ ਬਿਨਾਂ ਪਰਚੀ ਬਿਨਾਂ ਖਰਚੀ ਦੀ ਭਰਤੀ ਪ੍ਰਣਾਲੀ ਰਾਹੀਂ ਅੱਗੇ ਵਧਾਉਣ ਲਈ ਪੂਰੀ ਵਚਨਬੱਧਤਾ ਨਾਲ ਕਾਰਜ ਕਰ ਰਹੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਸੋਨੀਪਤ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸੰਬੋਧਿਤ ਕਰ ਰਹੇ ਸਨ। "ਛਾਤਰ ਸੰਵਾਦ ਮੁੱਖ ਮੰਤਰੀ ਦੇ ਨਾਲ" ਤਹਿਤ ਆਯੋਜਿਤ ਇਸ ਪ੍ਰੋਗਰਾਮ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਸਟੂਡੈਂਟਸ ਲਾਈਵ ਜੁੜੇ ਸਨ। ਇਸ ਵਿਵਸਥਾ ਦੀ ਸ਼ਲਾਘਾ ਖੁਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਹੈ ਕਿ ਕਿਸੇ ਵੀ ਯੋਗ ਨੌਜਵਾਨ ਨੂੰ ਨੌਕਰੀ ਲਈ ਸਿਫ਼ਾਰਸ਼ ਜਾਂ ਪੈਸੇ ਦਾ ਸਹਾਰਾ ਨਾ ਲੈਣਾ ਪਵੇ।
ਸਿੱਖਿਆ ਵਿਵਸਥਾ ਨੂੰ ਲੈ ਕੇ ਚੁੱਕੇ ਗਏ ਕਦਮਾਂ ਦਾ ਕੀਤਾ ਵਰਨਣ
ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਪੇਪਰ ਲੀਕ ਵਰਗੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਯਕੀਨੀ ਬਣਾਏ ਜਾ ਰਹੀ ਹੈ ਤਾਂ ਜੋ ਮਿਹਨਤੀ ਉਮੀਦਵਾਰਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨਸ਼ੇ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਵਿਅਕਤੀ, ਪਰਿਵਾਰ ਅਤੇ ਸਮਾਜ ਤਿੰਨਾਂ ਨੂੰ ਕਮਜ਼ੋਰ ਕਰਦਾ ਹੈ। ਨੌਜਵਾਨ ਆਪਣੀ ਊਰਜਾ ਸਿੱਖਿਆ, ਹੁਨਰ ਅਤੇ ਰਾਸ਼ਟਰ ਨਿਰਮਾਣ ਵਿੱਚ ਲਗਾਉਣ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਹਰਿਆਣਾ ਦਾ ਨੌਜਵਾਨ ਸਭ ਤੋਂ ਵੱਡੀ ਭੂਮਿਕਾ ਨਿਭਾਵੇਗਾ।
'ਇੰਡੀ ਗਠਜੋੜ ਦੇ ਨੇਤਾਵਾਂ ਦੀ ਚੁੱਪ ਦੱਸਦੀ ਹੈ ਕਿ ਉਨ੍ਹਾਂ ਦਾ ਨੌਜਵਾਨਾਂ ਦੇ ਹਿੱਤ ਨਾਲ ਕੋਈ ਸਰੋਕਾਰ ਨਹੀਂ' – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਹਨ। ਇੱਕ ਵਿਚਾਰਧਾਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਸਿਤ ਭਾਰਤ, ਪਾਰਦਰਸ਼ੀ ਵਿਵਸਥਾ ਅਤੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਕਾਰਜ ਕਰ ਰਹੀ ਹੈ, ਜਦੋਂ ਕਿ ਦੂਜੀ ਵਿਚਾਰਧਾਰਾ ਸਿਰਫ ਵਿਰੋਧ, ਝੂਠ ਫੈਲਾਉਣ ਅਤੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਰਾਜਨੀਤਿਕ ਲਾਭ ਲੈਣ ਵਿੱਚ ਲੱਗੀ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਫਵਾਹਾਂ ਅਤੇ ਗੁਮਰਾਹ ਪ੍ਰਚਾਰ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਮਿਹਨਤ, ਪ੍ਰਤਿਭਾ ਅਤੇ ਸਮਰੱਥਾ 'ਤੇ ਵਿਸ਼ਵਾਸ ਰੱਖਣ। ਸਰਕਾਰ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰੇਕ ਯੋਗ ਨੌਜਵਾਨ ਨੂੰ ਬਿਨਾਂ ਭੇਦਭਾਵ, ਬਿਨਾਂ ਸਿਫ਼ਾਰਸ਼ ਅਤੇ ਬਿਨਾਂ ਖਰਚ ਦੇ ਮੌਕੇ ਉਪਲਬਧ ਕਰਾਉਣ ਲਈ ਵਚਨਬੱਧ ਹੈ।
'ਪਰਚੀ ਸਿਸਟਮ' ਦੀ ਥਾਂ 'ਲਾਇਬ੍ਰੇਰੀ ਸਿਸਟਮ' ਦੀ ਸੋਚ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ - ਡਾ. ਅਰਚਨਾ ਗੁਪਤਾ
ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਨੌਜਵਾਨਾਂ ਦੇ ਸੁਝਾਵਾਂ ਨੂੰ ਸੁਣ ਕੇ ਉਨ੍ਹਾਂ ਨੂੰ ਨੀਤੀਆਂ ਵਿੱਚ ਸ਼ਾਮਲ ਕਰਨ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਯੁਵਾ ਦੇਸ਼ ਹੈ ਅਤੇ ਲਗਭਗ 65 ਪ੍ਰਤੀਸ਼ਤ ਆਬਾਦੀ ਨੌਜਵਾਨਾਂ ਦੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਲਗਾਤਾਰ ਨੌਜਵਾਨਾਂ ਨਾਲ ਸੰਵਾਦ ਸਥਾਪਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਨ। ਇਸ ਦੌਰਾਨ ਸੋਨੀਪਤ ਦੇ ਵਿਧਾਇਕ ਸ੍ਰੀ ਨਿਖਿਲ ਮਦਾਨ, ਹਰਿਆਣਾ ਬਿਊਰੋ ਆਫ਼ ਪਬਲਿਕ ਐਂਟਰਪ੍ਰਾਈਜ਼ਿਜ਼ ਦੇ ਚੇਅਰਮੈਨ ਸ੍ਰੀ ਮੋਹਨ ਲਾਲ ਕੌਸ਼ਿਕ, ਸੋਨੀਪਤ ਦੇ ਮੇਅਰ ਸ੍ਰੀ ਰਾਜੀਵ ਜੈਨ, ਭਾਜਪਾ ਨੇਤਾ ਸ੍ਰੀ ਦੇਵੇਂਦਰ ਕੌਸ਼ਿਕ, ਗੋਹਾਣਾ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇਂਦਰ ਮਲਿਕ, ਸੋਨੀਪਤ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਭਾਰਦਵਾਜ, ਆਈ.ਸੀ.ਐਸ. ਸੈਂਟਰ ਦੇ ਸੰਸਥਾਪਕ ਸ੍ਰੀ ਪਰਿਮਲ ਕੁਮਾਰ ਵੀ ਮੌਜੂਦ ਸਨ।