ਸਮਾਣਾ : ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਕਰਾਲਾ ਵਿਖੇ 'ਵਣ ਮਹੋਤਸਵ' ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਹ ਪ੍ਰਭਾਵਸ਼ਾਲੀ ਸਮਾਗਮ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸ਼ਿਪਰਾ ਸ਼ਰਮਾ ਦੀ ਯੋਗ ਰਹਿਨੁਮਾਈ ਅਤੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਸਮੂਹ ਅਧਿਆਪਕਾਂ ਅਤੇ ਗੈਰ-ਵਿੱਦਿਅਕ ਸਟਾਫ ਨੇ ਵੀ ਪੂਰੇ ਜੋਸ਼ ਨਾਲ ਸ਼ਿਰਕਤ ਕੀਤੀ ਅਤੇ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਰੁੱਖ ਸਾਡੇ ਜੀਵਨ ਦਾ ਆਧਾਰ ਹਨ: ਪ੍ਰਿੰਸੀਪਲ ਸ਼ਿਪਰਾ ਸ਼ਰਮਾ
ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸ਼ਿਪਰਾ ਸ਼ਰਮਾ ਨੇ ਇਕੋ ਕਲੱਬ ਦੇ ਸਾਰੇ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਅਤੇ ਸਾਡੀ ਹੋਂਦ ਦਾ ਆਧਾਰ ਹਨ। ਸਮਾਗਮ ਦਾ ਸਮਾਪਨ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਵਾਤਾਵਰਣ ਦੀ ਸੰਰੱਖਣ ਕਰਨ ਅਤੇ ਭਵਿੱਖ ਵਿੱਚ ਹੋਰ ਰੁੱਖ ਲਗਾਉਣ ਦੇ ਸਾਂਝੇ ਸੰਕਲਪ ਨਾਲ ਹੋਇਆ।