ਨਵਾਂਸ਼ਹਿਰ : ਨਵਾਂਸ਼ਹਿਰ ਨਗਰ ਕੌਂਸਲ ਦੀ ਨਵੀਂ ਬਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਮਨ ਕੁਮਾਰ ਮਾਨ ਨੇ ਅੱਜ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਸਮੂਹ ਨਵਾਂਸ਼ਹਿਰ ਵਾਸੀਆਂ ਅਤੇ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਏਕੇ ਨਾਲ ਸ਼ਹਿਰ ਦੀ ਨੁਹਾਰ ਬਦਲਣ ਦਾ ਸੁਨੇਹਾ ਦਿੱਤਾ।ਅਹੁਦਾ ਸੰਭਾਲਣ ਦੀ ਖ਼ੁਸ਼ੀ ਵਿੱਚ ਸਾਬਕਾ ਵਿਧਾਇਕ ਅੰਗਦ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ, ਨਗਰ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਸੁਮਨ ਲਾਲ ਅਤੇ ਹੋਰ ਪ੍ਰਮੁੱਖ ਆਗੂਆਂ ਤੇ ਕੌਂਸਲਰਾਂ ਵੱਲੋਂ ਰਮਨ ਕੁਮਾਰ ਮਾਨ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤਹ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਰਮਨ ਕੁਮਾਰ ਮਾਨ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਸਭ ਤੋਂ ਪਹਿਲਾ ਕੰਮ ਸ਼ਹਿਰ ਦੇ ਕੂੜੇ ਦੇ ਡੰਪਾਂ ਨੂੰ ਹਟਾਉਣਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਖ਼ਰਾਬ ਹੋ ਚੁੱਕੇ ਸੀਵਰੇਜ ਪ੍ਰਬੰਧ ਅਤੇ ਵਾਟਰ ਸਪਲਾਈ ਨੂੰ ਦਰੁਸਤ ਕਰਨ ਲਈ ਸਾਰੇ 19 ਕੌਂਸਲਰਾਂ ਦੀ ਸਲਾਹ ਲੈ ਕੇ ਠੋਸ ਯੋਜਨਾ ਬਣਾਈ ਜਾਵੇਗੀ ਤਾਂ ਜੋ ਨਵਾਂਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ। ਦੂਜੇ ਪਾਸੇ, ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ ਸੁਮਨ ਲਾਲ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਡੋਰਾ ਮੁਹੱਲਾ, ਬੰਗਾ ਰੋਡ, ਰਾਹੋ ਰੋਡ ਅਤੇ ਹੋਰ ਜਨਤਕ ਥਾਵਾਂ 'ਤੇ ਲੱਗੇ ਕੂੜੇ ਦੇ ਢੇਰ ਜਲਦੀ ਹੀ ਖ਼ਤਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਦਤਰ ਹੋ ਚੁੱਕੇ ਸੀਵਰੇਜ ਸਿਸਟਮ ਦਾ ਸੁਧਾਰ ਪ੍ਰਾਥਮਿਕਤਾ ਦੇ ਆਧਾਰ 'ਤੇ ਹੋਵੇਗਾ ਅਤੇ ਪੂਰੀ ਕੌਂਸਲ ਇੱਕਜੁੱਟ ਹੋ ਕੇ ਸ਼ਹਿਰ ਦੀ ਸੇਵਾ ਕਰੇਗੀ।ਇਸ ਮੌਕੇ ਕੌਂਸਲਰ ਵਰਿੰਦਰ ਚੋਪੜਾ, ਕੌਂਸਲਰ ਜਸਵੀਰ ਕੌਰ ਬਡਵਾਲ, ਕੌਂਸਲਰ ਕੁਲਵੰਤ ਕੌਰ, ਪ੍ਰਵੀਨ ਭਾਟੀਆ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਸਮਰਥਕ ਹਾਜ਼ਰ ਸਨ।