ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਅਤੇ ਇਸ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 09 ਅਗਸਤ 2026 ਦਿਨ ਐਤਵਾਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ, ਜੀ.ਟੀ.ਰੋਡ ਵਿਖੇ ਸ਼ਾਮ 4:30 ਤੋ ਰਾਤ 9:30 ਵਜੇ ਤੱਕ ਵਿਸ਼ਾਲ ਪੱਧਰ ਤੇ ਕਰਵਾਏ ਜਾ ਰਹੇ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪ੍ਰੋਗਰਾਮ ਮੁਤਾਬਿਕ ਸ਼ਾਮ 4:15 ਵਜੇ ਅਰਦਾਸ ਕਰਕੇ ਬੈਂਡ ਦੀਆਂ ਧੁਨਾਂ, ਨਰਸਿੰਗੇ ਦੀ ਗੂੰਜ ਅਤੇ ਫੁੱਲਾਂ ਦੀ ਵਰਖਾ ਵਿਚ ਧੰਨ—ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਸਿ਼ੰਗਾਰੇ ਦਰਬਾਰ ਵਿਚ ਬਹੁਤ ਸ਼ਰਧਾ ਅਤੇ ਸਤਿਕਾਰ ਨਾਲ ਸੁਸੋ਼ਭਿਤ ਕੀਤਾ ਜਾਵੇਗਾ। ਕੀਰਤਨੀ ਜੱਥੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜ਼ੋੜਣਗੇ, ਉਹਨਾ ਵਿਚ ਭਾਈ ਗੁਰਇਕਬਾਲ ਸਿੰਘ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਸ਼ਕੀਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਪ੍ਰਭਜੋਤ ਕੌਰ ਜੀ, ਜੀ.ਟੀ.ਰੋਡ ਸਕੂਲ ਜੱਥਾ, ਭਾਈ ਗੁਰਦੀਪ ਸਿੰਘ ਜੀ ਸਲੂਜਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੈਂਟਰਲ ਖ਼ਾਲਸਾ ਯਤੀਮਖਾਨਾ ਅਤੇ ਦੀਵਾਨ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਫਾਸਟਵੇਅ ਕੇਬਲ ਵੱਲੋਂ ਚੈਨਲ ਨੰਬਰ 241 ਤੇ ਕੀਤਾ ਜਾਵੇਗਾ। ਕੀਰਤਨ ਦਰਬਾਰ ਦੀਆਂ ਤਿਆਰੀਆਂ ਦਾ ਜਾਇਜਾ ਲੈਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ, ਦੀਵਾਨ ਮੈਂਬਰਜ਼ ਸ੍ਰ.ਸਰਜੋਤ ਸਿੰਘ ਸਾਹਨੀ ਅਤੇ ਸ੍ਰ.ਕਮਲਜੀਤ ਸਿੰਘ ਕੋਹਲੀ ਅਤੇ ਹੋਰਨਾਂ ਮੈਂਬਰ ਸਾਹਿਬਾਨ ਵੱਲੋਂ ਕੀਰਤਨ ਦਰਬਾਰ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਆਨਰੇਰੀ ਸਕੱਤਰ ਸ੍ਰ.ਰਮਣੀਕ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਸ਼ਰਧਾ-ਸਤਿਕਾਰ ਅਤੇ ਸਮੁੱਚੇ ਪ੍ਰਬੰਧਾਂ ਨਾਲ ਨੇਪੜੇ ਚਾੜਨ ਲਈ ਵੱਖ-ਵੱਖ ਕਮੇਟੀਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਅਤੇ ਸੰਗਤਾਂ ਦੀ ਸਹੂਲਤ ਲਈ ਵਾਟਰਪਰੂਫ ਏ.ਸੀ ਪੰਡਾਲ ਵਿਚ, ਲੰਗਰ, ਪਾਰਕਿੰਗ, ਛਬੀਲ, ਸਫਾਈ, ਮੈਡੀਕਲ ਸਹਾਇਤਾ ਅਤੇ ਹੋਰ ਸਾਰੇ ਲੋੜੀਦੇ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਤੇ ਛਬੀਲ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਅਤੇ ਲੰਗਰ ਦੇ ਜੂੱਠੇ ਪੱਤਲਾਂ ਦੀ ਸੇਵਾ ਏਕਜੋਤ ਲੰਗਰ ਸੇਵਾ ਸੁਸਾਇਟੀ ਵੱਲੋਂ ਨਿਭਾਈ ਜਾਵੇਗੀ। ਜੋੜਿਆ ਦੀ ਸੇਵਾ ਅੰਮ੍ਰਿਤਸਰ ਸੇਵਾ ਸੁਸਾਇਟੀ ਵੱਲੋਂ, ਸਾਈਕਲ/ਸਕੂਟਰ ਪਾਰਕਿੰਗ ਦੀ ਸੇਵਾ ਵਾਹਿਗੁਰੂ ਸਿਮਰਨ ਸੁਸਾਇਟੀ ਵੱਲੋਂ ਅਤੇ ਦੀਵਾਨ ਵੱਲੋਂ ਚਾਰ ਪਹਿਆ ਵਾਹਨਾਂ ਲਈ ਵੈਲੇ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ। ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਪਰਿਵਾਰਾਂ ਸਮੇਤ ਇਸ ਅਲੌਕਿਕ ਕੀਰਤਨ ਦਰਬਾਰ ਵਿਚ ਸ਼ਾਮਲ ਹੋ ਕੇ ਗੁਰਬਾਣੀ ਕੀਰਤਨ ਦਾ ਅਨੰਦ ਮਾਨਣ ਅਤੇ ਗੁਰੂ ਸਾਹਿਬ ਦੀਆਂ ਬਖਸਿਸ਼ਾਂ ਪ੍ਰਾਪਤ ਕਰਨ।