ਅੰਮ੍ਰਿਤਸਰ : ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਿਵਲ ਲਾਈਨ ਪੁਲਿਸ ਨੇ ਪੰਜਾਬ ਪੁਲਿਸ ਦੀ ਵਰਦੀ ਅਤੇ ਫਰਜ਼ੀ ਪਛਾਣ ਪੱਤਰ ਦੀ ਵਰਤੋਂ ਕਰਕੇ ਲਾਇਸੰਸੀ ਪਿਸਤੌਲ ਧੋਖੇ ਨਾਲ ਹੜੱਪਣ ਵਾਲੇ ਇੱਕ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀ ਦੀ ਪਛਾਣ ਸੁੱਖਾ ਸਿੰਘ ਉਰਫ਼ ਸੁਖਦੀਪ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੇ.ਆਰ. ਭਾਟੀਆ ਗੰਨ ਹਾਊਸ ਦੇ ਮਾਲਕ ਨੇ ਦੱਸਿਆ ਕਿ 18 ਜੁਲਾਈ 2026 ਨੂੰ ਇੱਕ ਵਿਅਕਤੀ ਨੇ ਫੋਨ ਕਰਕੇ ਆਪਣੇ ਆਪ ਨੂੰ ਥਾਣਾ ਸਿਵਲ ਲਾਈਨਜ਼ ਦਾ ਐਸ.ਐਚ.ਓ. ਦੱਸਿਆ ਅਤੇ ਪਿਸਤੌਲ ਦੇਖਣ ਲਈ ਆਪਣਾ ਮੁਲਾਜ਼ਮ ਭੇਜਣ ਦੀ ਗੱਲ ਕਹੀ। ਕੁਝ ਦੇਰ ਬਾਅਦ ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਆਇਆ ਦੋਸ਼ੀ ਸਫੈਦ ਰੰਗ ਦੀ ਸਵਿਫਟ ਕਾਰ ਵਿੱਚ ਦੁਕਾਨ 'ਤੇ ਪਹੁੰਚਿਆ ਅਤੇ ਪਿਸਤੌਲ ਆਪਣੇ ਨਾਲ ਲੈ ਗਿਆ। ਜਾਂਚ ਕਰਨ 'ਤੇ ਇਹ ਮਾਮਲਾ ਫਰਜ਼ੀ ਨਿਕਲਿਆ, ਜਿਸ ਉੱਤੇ ਥਾਣਾ ਸਿਵਲ ਲਾਈਨਜ਼ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਪੁਲਿਸ ਨੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ 3 ਅਗਸਤ ਨੂੰ ਦੋਸ਼ੀ ਨੂੰ ਰਾਮ ਤੀਰਥ ਰੋਡ ਤੋਂ ਕਾਬੂ ਕਰ ਲਿਆ। ਉਸ ਕੋਲੋਂ 1 ਪਿਸਤੌਲ, ਸਵਿਫਟ ਕਾਰ, ਫਰਜ਼ੀ ਨੰਬਰ ਪਲੇਟ, ਪੁਲਿਸ ਵਰਦੀ, ਫਰਜ਼ੀ ਸ਼ਨਾਖਤੀ ਕਾਰਡ, ਏ.ਸੀ., ਇਨਵਰਟਰ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖਿਲਾਫ਼ ਅੰਮ੍ਰਿਤਸਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਠੱਗੀ ਅਤੇ ਚੋਰੀ ਦੇ 6 ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।