ਪਟਿਆਲਾ : ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਦੀਆਂ ਵੱਖ-ਵੱਖ ਸੇਵਾਵਾਂ ਦਾ ਲਾਭ ਸਮੇਂ ਸਿਰ, ਸੁਖਾਲੇ ਤਰੀਕੇ ਨਾਲ ਅਤੇ ਬਿਨਾਂ ਕਿਸੇ ਖ਼ੱਜਲ-ਖ਼ੁਆਰੀ ਦੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਟਿਆਲਾ ਦੇ ਨਗਰ ਨਿਗਮ ਵੱਲੋਂ ਇੱਕ ਬਹੁਤ ਹੀ ਅਹਿਮ ਪਹਿਲਕਦਮੀ ਕੀਤੀ ਗਈ ਹੈ। ਇਸੇ ਤਹਿਤ ਨਗਰ ਨਿਗਮ ਦਫ਼ਤਰ ਵਿਖੇ ਬਿਲਡਿੰਗ ਬ੍ਰਾਂਚ, ਵਾਟਰ ਸਪਲਾਈ ਅਤੇ ਸੀਵਰੇਜ ਬ੍ਰਾਂਚ ਨਾਲ ਸਬੰਧਿਤ ਵਿਸ਼ੇਸ਼ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦਾ ਵਿਕਾਸ ਸਿਰਫ਼ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਨਾਲ ਹੀ ਨਹੀਂ, ਸਗੋਂ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸੇ ਵੀ ਨਾਗਰਿਕ ਨੂੰ ਬਿਨਾਂ ਵਜ੍ਹਾ ਦਫ਼ਤਰਾਂ ਦੇ ਚੱਕਰ ਨਾ ਕਟਵਾਏ ਜਾਣ ਅਤੇ ਹਰ ਸ਼ਿਕਾਇਤ ਦਾ ਨਿਪਟਾਰਾ ਨਿਰਧਾਰਿਤ ਸਮੇਂ ਅੰਦਰ ਕੀਤਾ ਜਾਵੇ। ਕੈਂਪ ਵਿੱਚ ਪਹੁੰਚੇ ਲੋਕਾਂ ਨੇ ਵੀ ਨਿਗਮ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ, ਕਿਉਂਕਿ ਇੱਕੋ ਦਿਨ ਵਿੱਚ ਵੱਖ-ਵੱਖ ਬ੍ਰਾਂਚਾਂ ਦੇ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਕੰਮਾਂ ਦਾ ਮੌਕੇ 'ਤੇ ਹੀ ਨਿਪਟਾਰਾ ਹੋ ਗਿਆ।