ਮੋਰਿੰਡਾ : ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕ ਬੂਰਮਾਜਰਾ ਵਿਖੇ ਅੰਗ ਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਲੋਕਾਂ ਨੂੰ ਅੰਗ ਦਾਨ ਦੀ ਮਹੱਤਤਾ, ਇਸ ਨਾਲ ਜੁੜੀਆਂ ਭ੍ਰਮਾਂ ਅਤੇ ਇਸ ਦੇ ਸਮਾਜਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਮੌਕੇ ਤੇ ਡਾ.ਦੀਕਸ਼ਾ ਮਵਾਲ ਨੇ ਦੱਸਿਆ ਕਿ ਅੰਗ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇੱਕ ਅੰਗ ਦਾਤਾ ਆਪਣੀ ਮੌਤ ਤੋਂ ਬਾਅਦ ਕਈ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਗੁਰਦੇ, ਜਿਗਰ, ਦਿਲ, ਫੇਫੜੇ, ਅੱਖਾਂ ਅਤੇ ਹੋਰ ਕਈ ਅੰਗ ਦਾਨ ਕਰਕੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੰਗਾਂ ਦੀ ਲੋੜ ਬਹੁਤ ਜ਼ਿਆਦਾ ਹੈ ਪਰ ਅੰਗ ਦਾਨ ਕਰਨ ਵਾਲਿਆਂ ਦੀ ਗਿਣਤੀ ਅਜੇ ਵੀ ਘੱਟ ਹੈ, ਜਿਸ ਕਾਰਨ ਬਹੁਤ ਸਾਰੇ ਮਰੀਜ਼ ਉਚਿਤ ਸਮੇਂ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਹਾਜ਼ਰ ਲੋਕਾਂ ਨੇ ਅੰਗ ਦਾਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਮਾਜ ਵਿੱਚ ਇਸ ਸੰਦੇਸ਼ ਨੂੰ ਅੱਗੇ ਪਹੁੰਚਾਉਣ ਦਾ ਸੰਕਲਪ ਲਿਆ।ਇਸ ਮੌਕੇ ਤੇ ਲਖਮਿੰਦਰ ਸਿੰਘ ਨੇ ਕਿਹਾ ਕਿ ਅੰਗ ਦਾਨ ਸਬੰਧੀ ਲਗਾਏ ਗਏ ਥ੍ਰ ਕੋਡ ਨੂੰ ਆਪਣੇ ਮੋਬਾਈਲ ਨਾਲ ਸਕੈਨ ਕਰੋ।ਖੁੱਲ੍ਹੇ ਹੋਏ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਵਿੱਚ ਆਪਣਾ ਨਾਮ, ਮੋਬਾਈਲ ਨੰਬਰ, ਪਤਾ ਅਤੇ ਹੋਰ ਲੋੜੀਂਦੀ ਜਾਣਕਾਰੀ ਭਰੋ।ਆਪਣੀ ਸਹਿਮਤੀ ਦਰਜ ਕਰਕੇ ਫਾਰਮ ਸਬਮਿਟ ਕਰੋ।ਰਜਿਸਟ੍ਰੇਸ਼ਨ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਇਸ ਫ਼ੈਸਲੇ ਬਾਰੇ ਜ਼ਰੂਰ ਜਾਣੂ ਕਰਵਾਓ, ਤਾਂ ਜੋ ਲੋੜ ਪੈਣ 'ਤੇ ਉਹ ਤੁਹਾਡੀ ਇੱਛਾ ਦਾ ਸਤਿਕਾਰ ਕਰ ਸਕਣ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਹੈਲਥ ਵਰਕਰ,ਰਜਿੰਦਰ ਸਿੰਘਐਮ.ਐਲ.ਟੀ,ਲਖਵੀਰ ਕੌਰ ਅਤੇ ਪਤਵੰਤੇ ਸੱਜਣ ਹਾਜਰ ਸਨ।
ਨੋਟ -ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਦੀ ਸਿਹਤ ਵਿਭਾਗ ਦੀ ਟੀਮ।