ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ 'ਸੈਂਟਰ ਫ਼ਾਰ ਇੰਟੈਲੀਜੈਂਸ ਐਂਡ ਡਾਟਾ ਸਾਇੰਸ' ਵਿਖੇ ਅਤਿ-ਆਧੁਨਿਕ 'ਏ.ਆਈ. ਲੈਬ' ਸਥਾਪਿਤ ਕੀਤੀ ਗਈ ਹੈ। 'ਰੂਸਾ-2' ਸਕੀਮ ਤਹਿਤ ਮਿਲੀ ਗਰਾਂਟ ਅਤੇ ਈ.ਆਈ.ਸੀ.ਐੱਚ. ਦੇ ਵਿਸ਼ੇਸ਼ ਤਕਨੀਕੀ ਸਹਿਯੋਗ ਨਾਲ਼ ਸਥਾਪਿਤ ਕੀਤੀ ਗਈ ਇਸ ਲੈਬ ਦਾ ਉਦਘਾਟਨ ਅੱਜ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਰੱਖੇ ਵਿਸ਼ੇਸ਼ ਸਮਾਰੋਹ ਦੌਰਾਨ 'ਸੈਂਟਰ ਫ਼ਾਰ ਇੰਟੈਲੀਜੈਂਸ ਐਂਡ ਡਾਟਾ ਸਾਇੰਸ' ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਸ ਪ੍ਰੋਜੈਕਟ ਨੂੰ ਯੂਨੀਵਰਸਿਟੀ ਲਈ ਇੱਕ ਵੱਡਾ ਹਾਸਲ ਦੱਸਦਿਆਂ ਏ.ਆਈ. ਦੇ ਹਵਾਲੇ ਨਾਲ ਅਹਿਮ ਅਤੇ ਗੰਭੀਰ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਇਸ ਲੈਬ ਦੀ ਸਥਾਪਨਾ ਨਾਲ਼ ਇੱਕ ਵੱਡੀ ਪਲਾਂਘ ਪੁੱਟੀ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾਕਟਰ ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਇਤਿਹਾਸ ਵਿੱਚ ਇਸ ਲੈਬ ਦੀ ਸਥਾਪਨਾ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਦੇਖਿਆ ਜਾ ਸਕਦਾ ਹੈ। ਸਮਾਰੋਹ ਦੇ ਸ਼ੁਰੂ ਵਿੱਚ 'ਸੈਂਟਰ ਫ਼ਾਰ ਇੰਟੈਲੀਜੈਂਸ ਐਂਡ ਡਾਟਾ ਸਾਇੰਸ' ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਜੋਸ਼ਨ ਨੇ ਲੈਬ ਦੇ ਤਕਨੀਕੀ ਢਾਂਚੇ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਇਸ ਲੈਬ ਵਿੱਚ ਸਥਾਪਿਤ ਕੀਤੇ ਗਏ ਹਾਰਡਵੇਅਰ ਅਤੇ ਸਾਫਟਵੇਅਰ ਵਿਦਿਆਰਥੀਆਂ ਨੂੰ ਗਲੋਬਲ ਇੰਡਸਟਰੀ ਦੇ ਹਾਣੀ ਬਣਾਉਣਗੇ।