ਸਮਾਣਾ : ਸਨਾਤਨ ਯੁਵਾ ਸੰਘ, ਸਮਾਣਾ ਵੱਲੋਂ ਸ਼੍ਰੀ ਸ਼ਿਆਮ ਬਾਬਾ ਜੀ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਦਿਆਂ ਸ਼ਿਆਮ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਸਮਾਣਾ ਦੇ ਪ੍ਰਸਿੱਧ ਭਜਨ ਗਾਇਕ ਨੀਰਜ ਸਿੰਗਲਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਸ਼ਿਆਮ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਭਗਤਾਂ ਨੇ ਭਜਨਾਂ 'ਤੇ ਨੱਚਦੇ ਅਤੇ ਜੈਕਾਰਿਆਂ ਨਾਲ ਪੂਰੇ ਪੰਡਾਲ ਨੂੰ ਭਗਤੀਮਈ ਮਾਹੌਲ ਵਿੱਚ ਬਦਲ ਦਿੱਤਾ। ਜਾਗਰਣ ਦੀ ਸ਼ੁਰੂਆਤ ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ ਅਤੇ ਮੌਜੂਦਾ ਪ੍ਰਧਾਨ ਦਰਸ਼ਨ ਮਿੱਤਲ ਵੱਲੋਂ ਪਵਿੱਤਰ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ। ਉਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ। ਜਾਗਰਣ ਉਪਰੰਤ ਸੰਗਤ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਪੂਰਾ ਸਮਾਗਮ ਭਗਤੀ, ਸ਼ਰਧਾ ਅਤੇ ਸੇਵਾ ਭਾਵਨਾ ਦੇ ਮਾਹੌਲ ਵਿੱਚ ਸ਼ਾਂਤੀਪੂਰਵਕ ਸੰਪੰਨ ਹੋਇਆ।