ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੇ ਨੀਟ—2026 ਪ੍ਰੀਖਿਆ ਵਿਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੀਆਂ ਵਿਦਿਅਕ ਸੰਸਥਾਵਾਂ ਉੱਚ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ—ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਜਾ ਰਹੀ ਹੈ। ਨੀਟ—2026 ਦੇ ਐਲਾਨੇ ਨਤੀਜਿਆਂ ਤਹਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬਾਈਪਾਸ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ 99.92 ਪ੍ਰਤੀਸ਼ਤ (649/720) ਆਲ ਇੰਡਿਆ ਰੈਂਕ 1526 ਅਤੇ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਹਰਸ਼ਬੀਰ ਸਿੰਘ ਨੇ 99.26 ਅੰਕ ਅਤੇ ਗੁਰਸਿਮਰਨ ਕੌਰ ਨੇ 97.73 ਪ੍ਰਤੀਸ਼ਤ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਅਰਪਨਦੀਪ ਕੌਰ ਨੇ ਵੀ ਨੀਟ ਯੋਗਤਾ ਹਾਸਿਲ ਕੀਤੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਮੈਡੀਕਲ ਸਟੇਟ ਟਾਪਰ ਵਿਦਿਆਰਥਣ ਜਪਜੀਤ ਕੌਰ ਨੇ 99.2 ਪ੍ਰਤੀਸ਼ਤ, ਸੁਖਰੀਤ ਸਿੰਘ ਨੇ 93.37 ਪ੍ਰਤੀਸ਼ਤ, ਹਰਸਾਖੀ ਕੌਰ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰਕੇ ਨੀਟ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਸੁਲਤਾਨਵਿੰਡ ਲਿੰਕ ਰੋਡ ਦੀ ਵਿਦਿਆਰਥਣ ਹਰਸੀਰਤ ਕੌਰ ਨੇ 99.58 ਪ੍ਰਤੀਸ਼ਤ, ਅਨੰਤਨੂਰ ਕੌਰ ਨੇ 95.19 ਪ੍ਰਤੀਸ਼ਤ, ਹਰਸਿਰਤ ਕੌਰ ਨੇ 95.06 ਪ੍ਰਤੀਸ਼ਤ ਨਾਲ ਸਕੂਲ ਦੀਆਂ ਉਪਲੱਬਧੀਆਂ ਵਿਚ ਵਾਧਾ ਕੀਤਾ। ਇਸ ਤੋਂ ਇਲਾਵਾ ਜਗਬੀਰ ਸਿੰਘ ਅਤੇ ਨਵਨੀਤ ਕੌਰ ਨੇ ਵੀ ਨੀਟ ਪ੍ਰੀਖਿਆ ਯੋਗਤਾ ਪ੍ਰਾਪਤ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਅਤੇ ਸਕੂਲ ਮੈਂਬਰਜ਼ ਇੰਚਾਰਜ ਨੇ ਸਮੂਹ ਸਫਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਭਵਿੱਖ ਵਿਚ ਡਾਕਟਰੀ ਖੇਤਰ ਵਿਚ ਉੱਚ ਮੁਕਾਮ ਹਾਸਲ ਕਰਕੇ ਸਮਾਜ, ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ ਅਤੇ ਚੀਫ਼ ਖ਼ਾਲਸਾ ਦੀਵਾਨ ਸੰਸਥਾ ਦਾ ਨਾਮ ਦੇਸ਼ਾਂ—ਵਿਦੇਸ਼ਾਂ ਵਿਚ ਹੋਰ ਚਮਕਾਉਣਗੇ।