ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਾਲ ਦਸੰਬਰ ਮਹੀਨੇ ਜਲੰਧਰ ਦੇ ਇਤਿਹਾਸਕ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿਖੇ ਹੋਣ ਵਾਲੀ ਸਬ-ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਮੁੱਖ ਮੰਤਰੀ ਨੇ ਇੱਕ ਅਤਿ-ਆਧੁਨਿਕ ਇੰਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ 2.14 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕੀਤਾ, ਜਿਸ ਨਾਲ ਸੂਬੇ ਭਰ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਡਾਂ ਵਿੱਚ ਸਫ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਗਿਆ। " ਮੁੱਖ ਮੰਤਰੀ ਨੇ ਨਵੇਂ ਇੰਡੋਰ ਬੈਡਮਿੰਟਨ ਹਾਲ ਦੇ ਨਿਰਮਾਣ ਲਈ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਸਿੰਘ ਵਾਲੀਆ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੂੰ 2.14 ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਜ਼ਿਕਰ ਕੀਤਾ, "ਲਗਪਗ ਛੇ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਇਸ ਇਤਿਹਾਸਕ ਸਟੇਡੀਅਮ ਦਾ ਦੌਰਾ ਕੀਤਾ ਹੈ, ਜਿਸ ਨੇ ਕਈ ਸ਼ਾਨਦਾਰ ਬੈਡਮਿੰਟਨ ਖਿਡਾਰੀ ਪੈਦਾ ਕੀਤੇ ਹਨ।" ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ, "ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹੇਗਾ ਅਤੇ ਟੈਂਡਰ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ। ਨਿਰਮਾਣ ਕਾਰਜ ਅਗਸਤ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। " ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਹੋਣ ਤੋਂ ਬਾਅਦ ਰਾਏਜ਼ਾਦਾ ਹੰਸਰਾਜ ਸਟੇਡੀਅਮ ਵਿੱਚ ਕੁੱਲ 10 ਇੰਡੋਰ ਬੈਡਮਿੰਟਨ ਕੋਰਟ ਹੋਣਗੇ, ਜਿਸ ਨਾਲ ਇਹ ਪੰਜਾਬ ਦਾ ਇੱਕੋ-ਇੱਕ ਅਜਿਹਾ ਖੇਡ ਮੈਦਾਨ ਬਣ ਜਾਵੇਗਾ, ਜਿੱਥੇ ਇੰਨਾ ਵੱਡਾ ਇੰਡੋਰ ਬੈਡਮਿੰਟਨ ਕੰਪਲੈਕਸ ਹੋਵੇਗਾ ਅਤੇ ਇਹ ਉੱਤਰ ਭਾਰਤ ਦੇ ਪ੍ਰਮੁੱਖ ਬੈਡਮਿੰਟਨ ਕੇਂਦਰਾਂ ਵਿੱਚੋਂ ਇੱਕ ਬਣ ਜਾਵੇਗਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ 'ਮੱਲ ਅਖਾੜਾ' ਸਥਾਪਿਤ ਕੀਤਾ ਅਤੇ ਖੁਦ ਕੁਸ਼ਤੀ ਅਤੇ ਸਰੀਰਕ ਸਿਖਲਾਈ ਦੀ ਨਿਗਰਾਨੀ ਕੀਤੀ, ਜਦੋਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨੌਜਵਾਨਾਂ ਨੂੰ ਘੋੜ ਸਵਾਰੀ ਅਤੇ ਤੀਰਅੰਦਾਜ਼ੀ ਦੀ ਸਿਖਲਾਈ ਦਿੱਤੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੀ ਹਰ ਖੇਡ ਅਤੇ ਯੁੱਧ ਕਲਾ (ਮਾਰਸ਼ਲ ਆਰਟ) ਵਿੱਚ ਮਾਹਰ ਸਨ। " ਉਨ੍ਹਾਂ ਦੁਹਰਾਇਆ ਕਿ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਸਿਰਜਣ ਲਈ ਹਰ ਸੰਭਵ ਯਤਨ ਜਾਰੀ ਰੱਖੇਗੀ।