ਦੇਵੀਗੜ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਰਿਕਾਰਡਤੋੜ ਵਿਕਾਸ ਕਾਰਜਾਂ ਅਤੇ ਹਲਕਾ ਸਨੌਰ ਦੇ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਦੀ ਦਿਨ-ਰਾਤ ਲੋਕਾਂ ਦੇ ਵਿਚਕਾਰ ਰਹਿ ਕੇ ਸੇਵਾ ਕਰਨ ਦੀ ਕਾਰਜਸ਼ੈਲੀ ਸਦਕਾ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਕਾਫ਼ਲਾ ਇੱਕ ਅਜੇਤੂ ਤੂਫ਼ਾਨ ਬਣਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਰੋਸ਼ਨਪੁਰ ਵਿਖੇ ਰਵਾਇਤੀ ਪਾਰਟੀਆਂ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਵੱਖ-ਵੱਖ ਸਮਾਜਾਂ ਦੇ ਸੈਂਕੜੇ ਲੋਕਾਂ ਨੇ ਹਲਕਾ ਇੰਚਾਰਜ ਸਰਦਾਰ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਹ ਵੱਡੀ ਸ਼ਮੂਲੀਅਤ ਸਰਪੰਚ ਹਰਨਾਮ ਸਿੰਘ ਬਲੌਂਗੀ ਅਤੇ ਚੈਅਰਮੈਨ ਬਰਖਾ ਰਾਮ ਪ੍ਰਧਾਨ ਬਿਮੁੱਕਤ ਜਾਤੀ ਪੰਜਾਬ ਦੀ ਸਾਂਝੀ ਅਗਵਾਈ ਵਿੱਚ ਨੇਪਰੇ ਚੜ੍ਹੀ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੈਂਕੜੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਅੱਜ ਪਿੰਡ ਰੋਸ਼ਨਪੁਰ ਦੇ ਗਡਰੀਆ ਸਮਾਜ, ਸੈਣੀ ਸਮਾਜ, ਅਤੇ ਹਰੀਜਨ ਭਾਈਚਾਰੇ ਦੇ ਸੈਂਕੜੇ ਲੋਕਾਂ ਦਾ ‘ਆਪ’ ਪਰਿਵਾਰ ਨਾਲ ਜੁੜਨਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਰਹੀਆਂ ਹਨ। ਅਗਵਾਈ ਕਰਨ ਵਾਲੇ ਹਰਨਾਮ ਸਿੰਘ ਬਲੌਂਗੀ, ਬਰਖਾ ਰਾਮ ਪ੍ਰਧਾਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਮੋਹਤਬਰਾਂ ਨੇ ਇੱਕਸੁਰ ਵਿੱਚ ਕਿਹਾ ਕਿ ਉਹ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਤੰਗ ਆ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ, ਸਿਹਤ-ਸਿੱਖਿਆ ਸਹੂਲਤਾਂ ਅਤੇ ਹਲਕਾ ਇੰਚਾਰਜ ਰਣਜੋਧ ਹਡਾਣਾ ਵੱਲੋਂ ਬਿਨਾਂ ਥੱਕੇ ਹਲਕੇ ਦੀ ਨੁਹਾਰ ਬਦਲਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਬੇਹੱਦ ਪ੍ਰਭਾਵਿਤ ਹੋ ਕੇ ਅੱਜ ਉਨ੍ਹਾਂ ਨੇ ‘ਆਪ’ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਸਥਾਨਕ ਪੰਚਾਇਤ ਮੈਂਬਰ, ਪਾਰਟੀ ਦੇ ਮਿਹਨਤੀ ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।