ਪਟਿਆਲਾ : ਨਗਰ ਨਿਗਮ ਪਟਿਆਲਾ ਨੇ ਆਪਣੇ ਸੇਵਾਮੁਕਤ ਕਰਮਚਾਰੀਆਂ ਦੀ ਵੈਲਫੇਅਰ ਵੱਲ ਵੱਡਾ ਕਦਮ ਚੁੱਕਦਿਆਂ ਲੀਵ ਐਨਕੈਸ਼ਮੈਂਟ ਦੇ ਬਕਾਏ ਦੀ ਤੀਜੀ ਕਿਸ਼ਤ ਵਜੋਂ ਕੁੱਲ 35 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਹ ਰਕਮ ਸ਼ਹਿਰ ਦੇ ਕਰੀਬ 100 ਪੈਨਸ਼ਨਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਜਮ੍ਹਾਂ ਕਰਵਾਈ ਜਾਵੇਗੀ, ਜਿਸ ਨਾਲ ਲੰਬੇ ਸਮੇਂ ਤੋਂ ਆਪਣੀ ਬਕਾਇਆ ਰਕਮ ਦੀ ਉਡੀਕ ਕਰ ਰਹੇ ਸੇਵਾਮੁਕਤ ਮੁਲਾਜ਼ਮਾਂ ਨੂੰ ਵੱਡੀ ਵਿੱਤੀ ਰਾਹਤ ਮਿਲੇਗੀ। ਮੇਅਰ ਕੁੰਦਨ ਗੋਗੀਆ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਨੇ ਇਸ ਰਾਸ਼ੀ ਦੇ ਭੁਗਤਾਨ ਲਈ ਕਿਸੇ ਵੀ ਬਾਹਰੀ ਸਰਕਾਰੀ ਗ੍ਰਾਂਟ ਜਾਂ ਕਰਜ਼ੇ 'ਤੇ ਨਿਰਭਰਤਾ ਨਹੀਂ ਜਤਾਈ, ਬਲਕਿ ਨਿਗਮ ਨੇ ਵਿੱਤੀ ਸੂਝ-ਬੂਝ ਵਰਤਦਿਆਂ ਇਸ ਨੂੰ ਆਪਣੇ ਨਿੱਜੀ ਸਰੋਤਾਂ (Own Sources) ਰਾਹੀਂ ਇਕੱਠਾ ਕੀਤਾ ਹੈ। ਲੀਵ ਐਨਕੈਸ਼ਮੈਂਟ ਦੀ ਤੀਜੀ ਕਿਸ਼ਤ ਜਾਰੀ ਹੋਣ ਤੋਂ ਬਾਅਦ ਨਗਰ ਨਿਗਮ ਦੇ ਪੈਨਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਕਈ ਪੈਨਸ਼ਨਰਾਂ ਨੇ ਮੇਅਰ ਕੁੰਦਨ ਗੋਗੀਆ ਤੇ ਨਿਗਮ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਉਨ੍ਹਾਂ ਲਈ ਵੱਡੀ ਆਰਥਿਕ ਸਹਾਇਤਾ ਸਾਬਤ ਹੋਵੇਗੀ। ਮੇਅਰ ਨੇ ਅਖੀਰ ਵਿੱਚ ਕਿਹਾ ਕਿ ਨਗਰ ਨਿਗਮ ਪਟਿਆਲਾ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵਚਨਬੱਧ ਹੈ, ਉੱਥੇ ਹੀ ਆਪਣੇ ਸਟਾਫ਼ ਅਤੇ ਪੈਨਸ਼ਨਰਾਂ ਦੀ ਭਲਾਈ ਨੂੰ ਬਰਾਬਰ ਦੀ ਤਰਜੀਹ ਦੇ ਰਿਹਾ ਹੈ ਤਾਂ ਜੋ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਮਿਸਾਲ ਕਾਇਮ ਕੀਤੀ ਜਾ ਸਕੇ।
ਫ਼ੋਟੋ: ਪੈਨਸ਼ਨਰਾਂ ਲਈ ਲੀਵ ਐਨਕੈਸ਼ਮੈਂਟ ਦੇ ਬਕਾਏ ਦੀ ਤੀਜੀ ਕਿਸ਼ਤ ਜਾਰੀ ਕਰਨ ਦੀ ਜਾਣਕਾਰੀ ਦਿੰਦੇ ਹੋਏ ਮਾਨਯੋਗ ਮੇਅਰ ਕੁੰਦਨ ਗੋਗੀਆ।
ਖਾਸ ਨੋਟ - ਕ੍ਰਿਪਾ ਸਾਡੇ ਵਲੋਂ ਕਿਸੇ ਵੀ ਭਾਸ਼ਾ ਵਿੱਚ ਭੇਜੀਆਂ ਖ਼ਬਰਾਂ ਵਿਚਲੀਆਂ ਤਰੁੱਟੀਆਂ ਨੂੰ ਆਪਣੇ ਮੁਤਾਬਿਕ ਸੋਧ ਕਰ ਲਿਆ ਜਾਵੇ ਜੀ.